ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ 1984 ਦੇ ਸਿੱਖ ਕਤਲੇਆਮ ਦੇ ਪੀੜਤ ਅਜੇ ਵੀ ਇਨਸਾਫ਼ ਨੂੰ ਉਡੀਕ ਰਹੇ ਹਨ। ਇੱਥੇ ਭਾਜਪਾ ਦੇ ਸੰਮੇਲਨ ‘ਜ਼ਖ਼ਮ 84 ਦੇ’ ਦੇ ਦੂਜੇ ਸੈਸ਼ਨ “ਸਿੱਖ ਕਤਲੇਆਮ: ਕਦੋਂ ਅਤੇ ਕਿਵੇਂ” ਦੌਰਾਨ ਪੀੜਤਾਂ ਨੇ ਕਤਲੇਆਮ ਦੇ ਦਰਦਨਾਕ ਮੰਜ਼ਰ ਚੇਤੇ ਕਰਦਿਆਂ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਲੰਮੇ ਸੰਘਰਸ਼ ਦੇ ਬਾਵਜੂਦ ਇਨਸਾਫ਼ ਨਾ ਮਿਲਣ ਦਾ ਰੋਸ ਪ੍ਰਗਟਾਉਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਇਸ ਕਤਲੇਆਮ ‘ਚ ਉਨ੍ਹਾਂ ਦੇ ਪਰਿਵਾਰ, ਪਾਰਟੀ ਅਤੇ ਕਾਂਗਰਸ ਸਰਕਾਰਾਂ ਦੀ ਕਥਿਤ ਭੂਮਿਕਾ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।
ਕਤਲੋਗਾਰਤ ਨੂੰ ਇੱਕ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੰਦਿਆਂ ਪੀੜਤਾਂ ਨੇ ਕਿਹਾ ਕਿ ਕਾਂਗਰਸ ਨੇ ਨਾ ਤਾਂ ਮੁਆਫ਼ੀ ਮੰਗੀ ਹੈ ਅਤੇ ਨਾ ਹੀ ਉਨ੍ਹਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਸੱਤਾ ਵਿੱਚ ਰਹਿੰਦੀ ਤਾਂ ਇਨਸਾਫ਼ ਕਦੇ ਵੀ ਨਹੀਂ ਮਿਲਣਾ ਸੀ।
ਇਸ ਦੌਰਾਨ ਭਾਗੀ ਕੌਰ ਨੇ ਔਰਤਾਂ ‘ਤੇ ਹੋਏ ਅੱਤਿਆਚਾਰਾਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸ਼ੋਰੀ ਲਾਲ ਨਾਮ ਦੇ ਇੱਕ ਕਸਾਈ ਨੇ ਮੀਟ ਕੱਟਣ ਵਾਲੇ ਹਥਿਆਰ ਨਾਲ ਸੱਤ ਸਿੱਖਾਂ ਦਾ ਕਤਲ ਕੀਤਾ ਸੀ ਅਤੇ ਦੋਸ਼ ਲਾਇਆ ਕਿ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਉਸਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਸੀ।
ਉਸ ਸਮੇਂ 11 ਸਾਲ ਦੀ ਰਹੀ ਸੱਤਪਾਲ ਕੌਰ ਨੇ ਦੱਸਿਆ ਕਿ ਗੁਆਂਢੀਆਂ ਨੇ ਉਸਨੂੰ ਅਤੇ ਉਸਦੀਆਂ ਚਾਰ ਭੈਣਾਂ ਨੂੰ ਮੰਜੇ ਹੇਠਾਂ ਲੁਕਾ ਕੇ ਬਚਾਇਆ ਸੀ। ਬਾਅਦ ਵਿੱਚ ਬੱਚੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ, ਜਿੱਥੋਂ ਐੱਚ ਐੱਸ ਫੂਲਕਾ ਨੇ ਉਨ੍ਹਾਂ ਨੂੰ ਲੱਭਿਆ ਅਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਉਨ੍ਹਾਂ ਦੇ ਨਾਨੇ ਨੂੰ ਉਨ੍ਹਾਂ ਦੀ ਕਸਟਡੀ (ਸੰਭਾਲ) ਦਿਵਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਨੌਕਰੀ ਮਿਲੀ ਅਤੇ ਨਾ ਹੀ ਪੈਨਸ਼ਨ।
ਇੱਕ ਹੋਰ ਪੀੜਤ ਨੇ ਸੇਵਾਮੁਕਤ ਕੈਪਟਨ ਘੁੰਮਣ ਸਿੰਘ ਚਾਹਲ ਦੇ ਕਤਲ ਦੀ ਦਾਸਤਾਨ ਸੁਣਾਈ। ਅਧਰੰਗ ਦੇ ਬਾਵਜੂਦ, ਉਨ੍ਹਾਂ ਨੂੰ ਕਥਿਤ ਤੌਰ ‘ਤੇ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਅੱਗ ਵਿੱਚ ਉਨ੍ਹਾਂ ਦੇ ਪੁੱਤਰ ਦੀਆਂ ਅਕਾਦਮਿਕ ਡਿਗਰੀਆਂ ਵੀ ਸੜ ਕੇ ਸੁਆਹ ਹੋ ਗਈਆਂ ਸਨ।
ਉਸ ਸਮੇਂ 16 ਸਾਲ ਦੀ ਅਤੇ ਦਿੱਲੀ ਦੀ ਪਾਵਰ ਕਲੋਨੀ ਵਿੱਚ ਰਹਿਣ ਵਾਲੀ ਨਿਰਪ੍ਰੀਤ ਕੌਰ ਨੇ ਦੱਸਿਆ ਕਿ ਬਲਵਾਨ ਖੋਖਰ 31 ਅਕਤੂਬਰ ਨੂੰ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਭਰਾ ਨੂੰ ਡਰਾਈਵਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ, ਜਿਸ ਬਾਰੇ ਉਸਨੇ ਦੋਸ਼ ਲਾਇਆ ਕਿ ਇਹ ਪਰਿਵਾਰਕ ਮੈਂਬਰਾਂ ਦੀ ਗਿਣਤੀ ਕਰਨ ਦੀ ਇੱਕ ਚਾਲ ਸੀ। ਉਸ ਰਾਤ ਦੋ ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਅਗਲੇ ਦਿਨ, ਬਲਵਾਨ ਖੋਖਰ ਅਤੇ ਕ੍ਰਿਸ਼ਨਾ ਖੋਖਰ ਦੀ ਕਥਿਤ ਸ਼ਮੂਲੀਅਤ ਵਾਲੀ ਭੀੜ ਨੇ ਘਰ ਨੂੰ ਘੇਰ ਲਿਆ, ਜਿਨ੍ਹਾਂ ਨੂੰ ਉਸਦੇ ਨੌਂ ਸਾਲਾ ਭਰਾ ਨੂੰ “ਸੱਪ ਦਾ ਬੱਚਾ” ਕਹਿ ਕੇ ਮਾਰਨ ਲਈ ਕਥਿਤ ਤੌਰ ਉੱਤੇ ਭੜਕਾਇਆ ਗਿਆ ਸੀ। ਉਸਦੇ ਪਿਤਾ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੇ ਲਗਪਗ ਚਾਰ ਘੰਟੇ ਤੱਕ ਹਮਲੇ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਟਰੱਕ ਨੂੰ ਅੱਗ ਲਗਾ ਦਿੱਤੀ ਗਈ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਪਰਿਵਾਰ ‘ਤੇ ਸਮਝੌਤਾ ਕਰਨ ਲਈ ਦਬਾਅ ਪਾਇਆ, ਜਿਸ ਤੋਂ ਬਾਅਦ ਘਰ ‘ਤੇ ਦੁਬਾਰਾ ਹਮਲਾ ਕੀਤਾ ਗਿਆ। ਉਸ ਨੇ ਸੱਜਣ ਕੁਮਾਰ ‘ਤੇ ਪੁਲੀਸ ਜੀਪ ਅੱਗੇ ਖੜ੍ਹੇ ਹੋ ਕੇ ਭੀੜ ਨੂੰ ਭੜਕਾਉਣ ਦਾ ਦੋਸ਼ ਲਾਇਆ। ਉਸ ਨੇ ਦੱਸਿਆ ਕਿ ਏਅਰ ਫੋਰਸ ਦੇ ਵਿੰਗ ਕਮਾਂਡਰ ਐੱਨ ਐੱਸ ਪੰਨੂ ਦੀ ਮਦਦ ਨਾਲ ਕਈ ਜਾਨਾਂ ਬਚਾਈਆਂ ਗਈਆਂ। ਉਸ ਨੇ ਦੋਸ਼ ਲਗਾਇਆ ਕਿ ਬਾਅਦ ਵਿੱਚ ਉਸਨੂੰ ਟਾਡਾ (TADA) ਤਹਿਤ ਗ੍ਰਿਫਤਾਰ ਕਰਕੇ ਤਿਹਾੜ ਸਮੇਤ ਕਈ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਅਤੇ ਉਸਦੇ ਪਤੀ ਨੂੰ ਕਥਿਤ ਤੌਰ ‘ਤੇ ਇੱਕ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਨਾਨਾਵਤੀ ਕਮਿਸ਼ਨ ਅਤੇ ਉਸਦੇ ਪਿਤਾ ਦੇ ਕੇਸ ਨੂੰ ਦੁਬਾਰਾ ਖੋਲ੍ਹੇ ਜਾਣ ਦੇ ਬਾਵਜੂਦ, ਉਸਦੀ ਇਨਸਾਫ਼ ਦੀ ਲੜਾਈ ਸਾਲਾਂ ਤੱਕ ਲਟਕਦੀ ਰਹੀ।
ਜਗਸ਼ੇਰ ਸਿੰਘ, ਜੋ ਉਸ ਸਮੇਂ 18 ਸਾਲਾਂ ਦੇ ਸੀ ਅਤੇ ਪਾਲਮ ਵਿੱਚ ਹੋਈ ਹਿੰਸਾ ਦੇ ਚਸ਼ਮਦੀਦ ਸਨ, ਨੇ ਦੱਸਿਆ ਕਿ ਪੰਡਿਤ ਰਾਮ ਅਵਤਾਰ ਨੇ ਉਸਨੂੰ ਪਨਾਹ ਦਿੱਤੀ ਸੀ। ਉਸਨੇ ਵੀ ਦੋਸ਼ ਲਾਇਆ ਕਿ ਸੱਜਣ ਕੁਮਾਰ ਨੇ ਭੀੜ ਨੂੰ ਉਕਸਾਇਆ ਸੀ। ਉਸਨੇ ਲੋਕਾਂ ਨੂੰ ਬਚਾਉਣ ਦਾ ਸਿਹਰਾ ਸਿੱਖ ਰੈਜੀਮੈਂਟ ਅਤੇ ਏਅਰ ਫੋਰਸ ਨੂੰ ਦਿੱਤਾ ਅਤੇ ਸੀਬੀਆਈ ਜਾਂਚ ਤੇ ਅਦਾਲਤ ਵਿੱਚ ਗਵਾਹੀ ਦੇਣ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਦੱਸਿਆ।
ਸੈਸ਼ਨ ਦਾ ਸੰਚਾਲਨ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਹਾਲ ਹੀ ਵਿੱਚ ਬਹਿਸ ਦੀਆਂ ਚੁਣੌਤੀਆਂ ਦੇ ਰਹੇ ਹਨ। ਉਨ੍ਹਾਂ ਨੇ ਗਾਂਧੀ ਨੂੰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ, ਐੱਚ ਐੱਸ ਫੂਲਕਾ ਅਤੇ ਨਿਰਪ੍ਰੀਤ ਕੌਰ ਨਾਲ 1984 ਦੇ ਕਤਲੇਆਮ ‘ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ। ਇਸ ਸੈਸ਼ਨ ਵਿੱਚ ਪੀੜਤ ਸੱਤਪਾਲ ਕੌਰ, ਦਰਸ਼ਨ ਕੌਰ, ਸੋਨੀਆ ਕੌਰ ਅਤੇ ਹੋਰ ਵੀ ਹਾਜ਼ਰ ਸਨ।






