ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਸੂਬੇ ਭਰ ਵਿੱਚ ਮਨੋਵਿਗਿਆਨਕ (ਸਾਈਕੋਟ੍ਰੋਪਿਕ) ਦਵਾਈਆਂ ਦੀ ਵਿਕਰੀ ਰੋਕਣ ਦੇ ਲਏ ਫ਼ੈਸਲੇ ਨੂੰ ਦੋ ਹਫ਼ਤੇ ਬੀਤ ਜਾਣ ਮਗਰੋਂ ਡਾਕਟਰਾਂ ਦੀ ਪਰਚੀ ’ਤੇ ਇਹ ਦਵਾਈਆਂ ਲੈਣ ਵਾਲੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਮਿਸਟਾਂ ਦੀ ਜਥੇਬੰਦੀ ਨੇ ਝੋਟਾ ਕਤਲ ਕਾਂਡ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਕਥਿਤ ਪਰੇਸ਼ਾਨੀ ਅਤੇ ਕੁਝ ਵਿਸ਼ੇਸ਼ ਦਵਾਈਆਂ ਦੀ ਵਿਕਰੀ ’ਤੇ ਲਗਾਈਆਂ ਪਾਬੰਦੀਆਂ ਦੇ ਵਿਰੋਧ ਵਜੋਂ ਇਹ ਕਦਮ ਚੁੱਕਿਆ ਸੀ। ਇਸ ਫ਼ੈਸਲੇ ਨੇ ਡਾਇਬਟਿਕ ਨਿਊਰੋਪੈਥੀ, ਪੁਰਾਣੇ ਦਰਦਾਂ, ਚਿੰਤਾ (ਐਂਗਜ਼ਾਇਟੀ) ਅਤੇ ਪੇਟ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਦੀਆਂ ਮੁਸ਼ਕਲਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ।
ਡਾਇਬਟਿਕ ਨਿਊਰੋਪੈਥੀ ਤੋਂ ਪੀੜਤ ਮੁਕੇਸ਼ ਕੁਮਾਰ ਨਾਂ ਦੇ ਮਰੀਜ਼ ਨੇ ‘ਟ੍ਰਿਬਿਊਨ’ ਨੂੰ ਆਪਣੀ ਦਾਸਤਾਨ ਦੱਸਦਿਆਂ ਕਿਹਾ ਕਿ ਉਹ ਡਾਕਟਰ ਵੱਲੋਂ ਲਿਖੀ ਦਵਾਈ ‘ਪ੍ਰੀਗਾਬਾਲਿਨ’ ਖ਼ਰੀਦਣ ਲਈ ਦਰ-ਦਰ ਭਟਕ ਰਿਹਾ ਹੈ। ਉਸ ਨੇ ਦੱਸਿਆ, “ਮੈਂ ਡਾਕਟਰ ਦੀ ਪਰਚੀ ਲੈ ਕੇ ਕਈ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਗਿਆ, ਪਰ ਕਿਸੇ ਕੋਲ ਵੀ ਇਹ ਦਵਾਈ ਮੌਜੂਦ ਨਹੀਂ ਸੀ। ਆਖ਼ਰਕਾਰ ਮੈਨੂੰ ਇਹ ਦਵਾਈ ਲੈਣ ਲਈ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਜਾਣਾ ਪਿਆ। ਸਰਕਾਰ ਅਤੇ ਕੈਮਿਸਟ ਭਾਈਚਾਰੇ ਦੇ ਆਪਸੀ ਰੇੜਕੇ ਦਾ ਖ਼ਮਿਆਜ਼ਾ ਆਮ ਮਰੀਜ਼ਾਂ ਨੂੰ ਨਹੀਂ ਭੁਗਤਣਾ ਚਾਹੀਦਾ।”
ਜ਼ਿਕਰਯੋਗ ਹੈ ਕਿ ਪ੍ਰੀਗਾਬਾਲਿਨ ਆਮ ਤੌਰ ’ਤੇ ਨਸਾਂ ਦੇ ਦਰਦ, ਖ਼ਾਸ ਕਰਕੇ ਸ਼ੂਗਰ ਕਾਰਨ ਨਸਾਂ ਨੂੰ ਹੋਏ ਨੁਕਸਾਨ ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਟਰਾਮਾਡੋਲ ਅਤੇ ਟੈਪੇਂਟਾਡੋਲ ਗੰਭੀਰ ਦਰਦਾਂ ਨੂੰ ਕੰਟਰੋਲ ਕਰਨ ਲਈ, ਕਲੋਨਾਜ਼ੇਪਾਮ, ਐਟੀਜ਼ੋਲਮ ਤੇ ਅਲਪਰਾਜ਼ੋਲਮ ਚਿੰਤਾ ਤੇ ਦੌਰਿਆਂ ਦੇ ਇਲਾਜ ਲਈ ਅਤੇ ਡਾਈਸਾਈਕਲੋਮਿਨ ਪੇਟ ਦੇ ਮਰੋੜਿਆਂ ਤੇ ਦਰਦ ਤੋਂ ਰਾਹਤ ਲਈ ਲਿਖੀ ਜਾਂਦੀ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਦਵਾਈਆਂ ਕਲੀਨਿਕਲ ਤੌਰ ’ਤੇ ਮਰੀਜ਼ਾਂ ਲਈ ਜੀਵਨ-ਰੱਖਿਅਕ ਹਨ ਅਤੇ ਇਨ੍ਹਾਂ ਦੇ ਸੰਭਾਵੀ ਦੁਰਉਪਯੋਗ ਕਾਰਨ ਇਨ੍ਹਾਂ ਨੂੰ ਅੰਨ੍ਹੇਵਾਹ ਨਸ਼ੀਲੀਆਂ ਦਵਾਈਆਂ ਵਜੋਂ ਪ੍ਰਚਾਰਿਤ ਨਹੀਂ ਕੀਤਾ ਜਾਣਾ ਚਾਹੀਦਾ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਦੱਸਿਆ ਕਿ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਪੰਜਾਬ ਭਰ ਦੇ ਕੈਮਿਸਟਾਂ ਅਤੇ ਥੋਕ ਵਿਕਰੇਤਾਵਾਂ ਨੇ ਮਨੋਵਿਗਿਆਨਕ ਸ਼੍ਰੇਣੀ ਤਹਿਤ ਆਉਂਦੀਆਂ ਸਾਰੀਆਂ ਦਵਾਈਆਂ ਦੀ ਵਿਕਰੀ ਅਤੇ ਸਟਾਕ ਰੱਖਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਹੜਤਾਲ ਸ਼ੁਰੂ ਹੋਣ ਮਗਰੋਂ ਸਰਕਾਰ ਵੱਲੋਂ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਗੱਲਬਾਤ ਦੀ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਸ਼ਾਸਨ ਕੈਮਿਸਟਾਂ ਦੀ ਕਥਿਤ ਖੱਜਲ-ਖ਼ੁਆਰੀ ਨੂੰ ਬੰਦ ਨਹੀਂ ਕਰਦਾ, ਉਦੋਂ ਤੱਕ ਵਿਕਰੀ ਬਹਾਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਏਜੰਸੀਆਂ ਸਿਰਫ਼ ਰਿਟੇਲ ਕੈਮਿਸਟਾਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਗ਼ੈਰ-ਕਾਨੂੰਨੀ ਨਿਰਮਾਣ ਇਕਾਈਆਂ, ਵੱਡੇ ਸਪਲਾਇਰਾਂ ਅਤੇ ਤਸਕਰਾਂ ਦੇ ਪੂਰੇ ਨੈੱਟਵਰਕ ’ਤੇ ਕਾਰਵਾਈ ਕਰਨ।
ਇੱਕ ਸਥਾਨਕ ਕੈਮਿਸਟ ਕਰਨ ਚੌਧਰੀ ਨੇ ਕਿਹਾ ਕਿ ਦਵਾਈਆਂ ਦੀ ਵਿਕਰੀ ਸਬੰਧੀ ਲਗਾਈਆਂ ਸ਼ਰਤਾਂ ਨੇ ਡਾਕਟਰਾਂ, ਮਰੀਜ਼ਾਂ ਅਤੇ ਕੈਮਿਸਟਾਂ ਵਿਚਾਲੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਡਾਕਟਰ ਕੁਝ ਮਰੀਜ਼ਾਂ ਨੂੰ ਰੋਜ਼ਾਨਾ 900 ਮਿਲੀਗ੍ਰਾਮ ਤੱਕ ਪ੍ਰੀਗਾਬਾਲਿਨ ਲਿਖ ਰਹੇ ਹਨ, ਜਦੋਂਕਿ ਕੈਮਿਸਟਾਂ ’ਤੇ 75 ਮਿਲੀਗ੍ਰਾਮ ਤੋਂ ਵੱਧ ਦਵਾਈ ਵੇਚਣ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਕੈਮਿਸਟ ਜਾਂਚ ਏਜੰਸੀਆਂ, ਮਰੀਜ਼ਾਂ ਅਤੇ ਡਾਕਟਰਾਂ ਵਿਚਾਲੇ ਬੁਰੀ ਤਰ੍ਹਾਂ ਫਸ ਚੁੱਕੇ ਹਨ, ਇਸ ਲਈ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਨਿਯਮ ਸਪੱਸ਼ਟ ਕਰਨੇ ਚਾਹੀਦੇ ਹਨ। ਹੁਣ ਜਦੋਂ ਇਹ ਰੇੜਕਾ ਤੀਜੇ ਹਫ਼ਤੇ ਵਿੱਚ ਦਾਖ਼ਲ ਹੋ ਰਿਹਾ ਹੈ, ਮਰੀਜ਼ਾਂ ਦੀ ਮੁਸੀਬਤ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ, ਫ਼ੋਨ ਅਤੇ ਵਟਸਐਪ ਰਾਹੀਂ ਸੰਪਰਕ ਕਰਨ ਦੇ ਯਤਨਾਂ ਦੇ ਬਾਵਜੂਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਇਸ ਮਾਮਲੇ ‘ਤੇ ਟਿੱਪਣੀ ਲਈ ਉਪਲਬਧ ਨਹੀਂ ਹੋ ਸਕੇ।






