Sunny Deol Surya Film: ਬੌਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫ਼ਿਲਮ ‘ਸੂਰਿਆ: ਅੰਤ ਸੇ ਆਰੰਭ ਤਕ’ ਦੀ ਰਿਲੀਜ਼ ਟਾਲ ਦਿੱਤੀ ਗਈ ਹੈ। ਇਸ ਫਿਲਮ ਵਿਚ ਡਾਕਟਰਾਂ ਨੂੰ ਭ੍ਰਿਸ਼ਟਾਚਾਰ ਨਾਲ ਲਬਰੇਜ਼ ਦਿਖਾਉਣ ਤੋਂ ਬਾਅਦ ਡਾਕਟਰਾਂ ਦੀਆਂ ਜਥੇਬੰਦੀਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਜਿਸ ਤੋਂ ਬਾਅਦ ਨਿਰਮਾਤਾ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਣ ਦੀ ਉਡੀਕ ਕਰ ਰਹੇ ਹਨ। ਇਹ ਫ਼ਿਲਮ 20 ਨਵੰਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ।
ਨਿਰਮਾਤਾਵਾਂ ਨੇ ਕਿਹਾ ਕਿ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਤੋਂ ਸਰਟੀਫਿਕੇਟ ਮਿਲਣ ਮਗਰੋਂ ਫ਼ਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਐੱਮ ਪਦਮਾਕੁਮਾਰ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਰਵੀ ਕਿਸ਼ਨ ਅਤੇ ਪ੍ਰੱਗਿਆ ਜੈਸਵਾਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਪੂਰੀ ਫ਼ਿਲਮ ਦੇਖੇ ਬਿਨਾਂ ਰਾਏ ਨਾ ਬਣਾਉਣ ਦੀ ਅਪੀਲ
ਫ਼ਿਲਮ ਦੇ ਪੇਸ਼ਕਾਰ ਕਮਲ ਮੁਕੁਟ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਅਤੇ ਮਕਸਦ ਬਾਰੇ ਟਿੱਪਣੀਆਂ ਕਰਨ ਵਾਲਿਆਂ ਨੇ ਅਜੇ ਪੂਰੀ ਫ਼ਿਲਮ ਨਹੀਂ ਦੇਖੀ। ਉਨ੍ਹਾਂ ਮੀਡੀਆ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕੁਝ ਸਕਿੰਟਾਂ ਦੀ ਪ੍ਰਚਾਰ ਸਮੱਗਰੀ ਦੇ ਆਧਾਰ ’ਤੇ ਰਾਏ ਬਣਾਉਣ ਦੀ ਥਾਂ ਪੂਰੀ ਕਹਾਣੀ ਦੇਖੀ ਜਾਵੇ।
ਉਨ੍ਹਾਂ ਕਿਹਾ ਕਿ ਨਿਰਮਾਤਾ ਫ਼ਿਲਮ ਨੂੰ ਉਸੇ ਰੂਪ ਵਿੱਚ ਦਰਸ਼ਕਾਂ ਸਾਹਮਣੇ ਲਿਆਉਣਾ ਚਾਹੁੰਦੇ ਹਨ, ਜਿਸ ਤਰ੍ਹਾਂ ਇਸ ਦੀ ਕਲਪਨਾ ਕੀਤੀ ਗਈ ਹੈ। ਉਹ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਲੋੜੀਂਦੇ ਨਿਯਮਾਂ ਦੀ ਪਾਲਣਾ ਕਰਦਿਆਂ ਫ਼ਿਲਮ ਦੀ ਰਚਨਾਤਮਕ ਪਛਾਣ ਕਾਇਮ ਰੱਖਣ ਲਈ ਵਚਨਬੱਧ ਹਨ।
ਨਿਰਮਾਤਾਵਾਂ ਨੇ ਸਪੱਸ਼ਟ ਕੀਤਾ ਕਿ ਫ਼ਿਲਮ ਡਾਕਟਰਾਂ ਜਾਂ ਡਾਕਟਰੀ ਕਿੱਤੇ ਦੇ ਖ਼ਿਲਾਫ਼ ਨਹੀਂ ਹੈ। ਇਸ ਵਿੱਚ ਵੱਡੀ ਪ੍ਰਣਾਲੀ ਦੇ ਅੰਦਰ ਕੁਝ ਖ਼ਾਸ ਵਿਅਕਤੀਆਂ ਵੱਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ, ਸ਼ੋਸ਼ਣ ਅਤੇ ਸੰਗਠਿਤ ਗ਼ਲਤ ਕੰਮਾਂ ਨੂੰ ਦਿਖਾਇਆ ਗਿਆ ਹੈ।
ਦਿੱਲੀ ਹਾਈ ਕੋਰਟ ਵਿੱਚ ਵੀ ਪਟੀਸ਼ਨ
ਫ਼ਿਲਮ ਦੀ ਪ੍ਰਚਾਰ ਸਮੱਗਰੀ ਨੂੰ ਲੈ ਕੇ ਉੱਠਿਆ ਵਿਵਾਦ ਦਿੱਲੀ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਡਾਕਟਰਾਂ ਦੇ ਇਕ ਸਮੂਹ ਨੇ ਫ਼ਿਲਮ ਦੇ ਟੀਜ਼ਰ ਨੂੰ ਚੁਣੌਤੀ ਦਿੰਦਿਆਂ ਦੋਸ਼ ਲਾਇਆ ਹੈ ਕਿ ਇਸ ਵਿੱਚ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਭ੍ਰਿਸ਼ਟ ਦਿਖਾਇਆ ਗਿਆ ਹੈ ਅਤੇ ਸਿਹਤ ਸੰਭਾਲ ਨਾਲ ਜੁੜੇ ਪੇਸ਼ੇਵਰਾਂ ਵਿਰੁੱਧ ਹਿੰਸਾ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਹਾਈ ਕੋਰਟ ਇਸ ਪਟੀਸ਼ਨ ’ਤੇ ਮੰਗਲਵਾਰ ਨੂੰ ਸੁਣਵਾਈ ਕਰੇਗੀ।
‘ਸੂਰਿਆ: ਅੰਤ ਸੇ ਆਰੰਭ ਤਕ’ ਮਲਿਆਲਮ ਫ਼ਿਲਮ ‘ਜੋਸਫ਼’ ਦਾ ਹਿੰਦੀ ਰੂਪਾਂਤਰ ਹੈ। ਸਾਲ 2018 ਵਿੱਚ ਰਿਲੀਜ਼ ਹੋਈ ਮੂਲ ਫ਼ਿਲਮ ਦੀ ਕਹਾਣੀ ਇਕ ਸੇਵਾਮੁਕਤ ਪੁਲੀਸ ਅਧਿਕਾਰੀ ਦੁਆਲੇ ਘੁੰਮਦੀ ਹੈ ਜੋ ਇਕ ਨਿੱਜੀ ਹਸਪਤਾਲ ਨਾਲ ਜੁੜੇ ਅੰਗਾਂ ਦੀ ਗ਼ੈਰਕਾਨੂੰਨੀ ਤਸਕਰੀ ਦੇ ਗਰੋਹ ਦਾ ਪਰਦਾਫ਼ਾਸ਼ ਕਰਦਾ ਹੈ।





