ਜਦੋਂ ਗੱਲ ਆਪਣੀ ਪਸੰਦੀਦਾ ਔਰਤ ਦੀ ਖ਼ੁਸ਼ੀ ਦੀ ਹੋਵੇ, ਤਾਂ ਬੰਦਾ ਸ਼ਾਹੀ ਠਾਠ-ਬਾਠ ਛੱਡ ਕੇ ਡਰਾਈਵਰ ਬਣਨ ਤੋਂ ਵੀ ਗੁਰੇਜ਼ ਨਹੀਂ ਕਰਦਾ, ਸੋਸ਼ਲ ਮੀਡੀਆ ’ਤੇ ਚੱਲ ਰਿਹਾ ‘ਮੈਨ ਇਨ ਲਵ’ (Men in Love) ਦਾ ਇਹ ਰੁਝਾਨ ਉਸ ਵੇਲੇ ਹਕੀਕਤ ਬਣ ਕੇ ਸਾਹਮਣੇ ਆਇਆ, ਜਦੋਂ ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਮੁੰਬਈ ਦੀਆਂ ਸੜਕਾਂ ’ਤੇ ਆਪਣੀ ਪਤਨੀ ਕੇਟ ਮਿਡਲਟਨ ਲਈ ਖ਼ੁਦ ਈ-ਰਿਕਸ਼ਾ ਚਲਾਇਆ। ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਰੀਕਲੇਮੇਸ਼ਨ ਗਾਰਡਨ ਵਿਖੇ ਪਹੁੰਚੇ ਪ੍ਰਿੰਸ ਵਿਲੀਅਮ ਨੇ ਸ਼ਾਹੀ ਪ੍ਰੋਟੋਕੋਲ ਤੋਂ ਹਟ ਕੇ ‘ਮਹਿੰਦਰਾ ਲਾਸਟ ਮਾਈਲ ਮੋਬਿਲਿਟੀ’ ਵੱਲੋਂ ਤਿਆਰ ਕੀਤੇ ਇਲੈਕਟ੍ਰਿਕ ਥ੍ਰੀ-ਵ੍ਹੀਲਰ ਦਾ ਸਟੇਅਰਿੰਗ ਖ਼ੁਦ ਸੰਭਾਲਿਆ ਅਤੇ ਪਿਛਲੀ ਸੀਟ ’ਤੇ ਬੈਠੀ ਕੇਟ ਮਿਡਲਟਨ ਨੂੰ ਮੁਸਕਰਾਉਂਦਿਆਂ ਹੋਇਆਂ ਬੇਹੱਦ ਖ਼ਾਸ ਸਵਾਰੀ ਕਰਵਾਈ।
ਮਸ਼ਹੂਰ ਬਾਂਦਰਾ-ਵਰਲੀ ਸੀ ਲਿੰਕ ਦੇ ਖ਼ੂਬਸੂਰਤ ਪਿਛੋਕੜ ਵਿੱਚ ਸ਼ਾਹੀ ਜੋੜੇ ਦੇ ਇਸ ਪਿਆਰ ਭਰੇ ਅੰਦਾਜ਼ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਮੌਕੇ ਦੋਵਾਂ ਨੇ ‘ਅਰਥਸ਼ਾਟ ਪ੍ਰਾਈਜ਼ 2026’ (The Earthshot Prize 2026) ਦੇ ਦੁਨੀਆ ਭਰ ਤੋਂ ਆਏ 15 ਫਾਈਨਲਿਸਟਾਂ ਨਾਲ ਮੁਲਾਕਾਤ ਕੀਤੀ। ਇਸ ਦੌਰੇ ਦੌਰਾਨ ਵਾਤਾਵਰਣ ਸੰਭਾਲ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਖ਼ਾਸ ਤੌਰ ’ਤੇ ਉਭਾਰਿਆ ਗਿਆ। ਇਸ ਸਾਲ ਦੇ ਵੱਕਾਰੀ ਵਾਤਾਵਰਣ ਪੁਰਸਕਾਰ ਦੇ 15 ਫਾਈਨਲਿਸਟਾਂ ਵਿੱਚ ਭਾਰਤ ਦੀਆਂ ਦੋ ਸੰਸਥਾਵਾਂ, ਮਹਿੰਦਰਾ ਲਾਸਟ ਮਾਈਲ ਮੋਬਿਲਿਟੀ (ਸਾਫ਼-ਸੁਥਰੀ ਸ਼ਹਿਰੀ ਆਵਾਜਾਈ ਲਈ) ਅਤੇ ਮਹਿਲਾ ਹਾਊਸਿੰਗ ਟਰੱਸਟ (ਜਲਵਾਯੂ ਅਨੁਕੂਲਤਾ ਲਈ ਭਾਈਚਾਰਕ ਹੱਲ ਵਿਕਸਤ ਕਰਨ ਵਾਸਤੇ) ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਭਾਰਤ ਪਹਿਲੀ ਵਾਰ ‘ਅਰਥਸ਼ਾਟ ਪ੍ਰਾਈਜ਼ ਐਵਾਰਡਜ਼’ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਮੰਗਲਵਾਰ ਸ਼ਾਮ ਨੂੰ ਹੋਣ ਵਾਲੇ ਇਸ ਮੁੱਖ ਸਮਾਗਮ ਦੌਰਾਨ ਪੰਜ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ ਹਰੇਕ ਨੂੰ ਆਪਣੇ ਵਾਤਾਵਰਣ ਪੱਖੀ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ 10 ਲੱਖ (1 ਮਿਲੀਅਨ) ਪੌਂਡ ਦੀ ਰਾਸ਼ੀ ਦਿੱਤੀ ਜਾਵੇਗੀ। ਪ੍ਰਿੰਸ ਵਿਲੀਅਮ ਵੱਲੋਂ 2020 ਵਿੱਚ ਸ਼ੁਰੂ ਕੀਤੇ ਗਏ ਇਹ ਪੁਰਸਕਾਰ ਪੰਜ ਸ਼੍ਰੇਣੀਆਂ- ਕੁਦਰਤ ਦੀ ਰੱਖਿਆ ਅਤੇ ਬਹਾਲੀ, ਹਵਾ ਦੀ ਸ਼ੁੱਧਤਾ, ਸਮੁੰਦਰਾਂ ਦੀ ਸੁਰੱਖਿਆ, ਕੂੜਾ-ਮੁਕਤ ਵਿਸ਼ਵ ਦੀ ਉਸਾਰੀ ਅਤੇ ਜਲਵਾਯੂ ਸੁਧਾਰ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਪਹੁੰਚਣ ’ਤੇ ਵੀ ਸ਼ਾਹੀ ਜੋੜੇ ਨੇ ਬੇਹੱਦ ਸਾਦਗੀ ਅਤੇ ਉਤਸ਼ਾਹ ਨਾਲ ਮੁੰਬਈ ਮੈਟਰੋ ਦਾ ਸਫ਼ਰ ਕੀਤਾ, ਸਕੂਲੀ ਵਿਦਿਆਰਥੀਆਂ ਨਾਲ ਗਲੀ ਕ੍ਰਿਕਟ ਖੇਡੀ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ। ‘ਅਰਥਸ਼ਾਟ ਪ੍ਰਾਈਜ਼ ਇੰਪੈਕਟ ਅਸੈਂਬਲੀ’ ਨੂੰ ਸੰਬੋਧਨ ਕਰਦਿਆਂ ਪ੍ਰਿੰਸ ਵਿਲੀਅਮ ਨੇ ਸਾਫ਼ ਊਰਜਾ ਅਤੇ ਟਿਕਾਊ ਵਿਕਾਸ ਵੱਲ ਭਾਰਤ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਪੁਰਸਕਾਰ ਵਿੱਚ ਸਭ ਤੋਂ ਵੱਧ ਜੇਤੂ ਅਤੇ ਫਾਈਨਲਿਸਟ ਭਾਰਤ ਤੋਂ ਹੀ ਰਹੇ ਹਨ। ਉਨ੍ਹਾਂ ਹਿੰਦੀ ਦੇ ਸ਼ਬਦਾਂ ‘ਰੰਗ ਬਿਰੰਗੀ ਦੁਨੀਆ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਰਥਿਕ ਤਰੱਕੀ ਅਤੇ ਵਾਤਾਵਰਣ ਦੀ ਸੰਭਾਲ ਨਾਲੋ-ਨਾਲ ਚੱਲ ਸਕਦੇ ਹਨ।
ਪ੍ਰਿੰਸ ਵਿਲੀਅਮ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਫਾਈਨਲਿਸਟਾਂ ਦਾ ਸਾਥ ਦੇਣ ਅਤੇ ਉਨ੍ਹਾਂ ਦੀਆਂ ਖੋਜਾਂ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਵਿੱਚ ਮਦਦ ਕਰਨ, ਕਿਉਂਕਿ ਭਵਿੱਖ ਉਹ ਲੋਕ ਨਹੀਂ ਬਦਲਦੇ ਜੋ ਸਿਰਫ਼ ਸਮੱਸਿਆਵਾਂ ਗਿਣਾਉਂਦੇ ਹਨ, ਸਗੋਂ ਉਹ ਬਦਲਦੇ ਹਨ ਜੋ ਹੱਲ ਕਰਕੇ ਦਿਖਾਉਣ ਦੀ ਹਿੰਮਤ ਰੱਖਦੇ ਹਨ।





