ਜ਼ਮੀਨੀ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਵਾਸਤੇ ਪਾਣੀ ਦੀ ਸੰਭਾਲ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਹਰ ਜ਼ਿਲ੍ਹੇ ’ਚ ਸਾਂਝੇ ਜਲ ਤਾਲਾਬਾਂ ਨੂੰ ਲੈ ਕੇ ਸੂਬਾ ਸਰਕਾਰ ਗੰਭੀਰ ਨਹੀਂ ਹੈ। ਕੇਂਦਰ ਸਰਕਾਰ ਨੇ ਅੰਮ੍ਰਿਤ ਮਹਾਉਤਸਵ ਤਹਿਤ ਹਰ ਜ਼ਿਲ੍ਹੇ ’ਚ 75 ਅੰਮ੍ਰਿਤ ਸਰਵੋਰ, ਜਿਸ ਨੂੰ ਪੰਜਾਬ ’ਚ ਸਾਂਝੇ ਜਲ ਤਾਲਾਬ ਦਾ ਨਾਂ ਦਿੱਤਾ ਗਿਆ ਸੀ, ਉਸਾਰੇ ਸਨ। ਸੂਬੇ ਦੇ ਸਾਰੇ ਜ਼ਿਲ੍ਹਿਆਂ ਨੇ ਸਾਂਝੇ ਜਲ ਤਾਲਾਬ ਬਣਾਉਣ ਲਈ ਸਰਕਾਰ ਵੱਲੋਂ ਨਿਰਧਾਰਤ ਟੀਚੇ ਤੋਂ ਵੱਧ ਥਾਵਾਂ ਦੀ ਚੋਣ ਕੀਤੀ ਪਰ 100 ਫੀਸਦੀ ਕੰਮ ਕਿਸੇ ਦਾ ਵੀ ਪੂਰਾ ਨਹੀਂ ਹੋ ਸਕਿਆ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 24 ਅਪ੍ਰੈਲ 2022 ਨੂੰ ਇਸ ਦਾ ਐਲਾਨ ਕੀਤਾ ਸੀ ਅਤੇ 15 ਅਗਸਤ 2022 ਤਕ ਕੰਮ ਪੂਰਾ ਕਰਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਸੂਬੇ ’ਚ ਸਾਂਝੇ ਜਲ ਤਾਲਾਬ ਬਣਾਉਣ ਲਈ 1929 ਥਾਵਾਂ ਦੀ ਚੋਣ ਕੀਤੀ ਗਈ। ਇਨ੍ਹਾਂ ’ਚੋਂ 1115 ’ਤੇ ਕੰਮ ਸ਼ੁਰੂ ਹੋਇਆ ਅਤੇ ਹੁਣ ਤਕ 577 ਦਾ ਕੰਮ ਹੀ ਪੂਰਾ ਹੋ ਸਕਿਆ ਹੈ। ਸਾਂਝੇ ਜਲ ਤਾਲਾਬ ਬਣਾਉਣ ਦਾ ਕੰਮ ਮਹਾਤਮਾ ਗਾਂਧੀ ਨਰੇਗਾ ਯੋਜਨਾ ਤਹਿਤ ਪੇਂਡੂ ਵਿਕਾਸ ਵਿਭਾਗ ਨੂੰ ਸੌਂਪਿਆ ਗਿਆ ਸੀ। ਸਾਂਝੇ ਜਲ ਤਾਲਾਬ ਬਣਾਉਣ ਦੀ ਯੋਜਨਾ ਸ਼ੁਰੂ ਹੋਣ ਤੋਂ 11 ਮਹੀਨਿਆ ਬਾਅਦ ਵੀ 29.1 ਫੀਸਦੀ ਕੰਮ ਹੀ ਪੂਰਾ ਹੋ ਸਕਿਆ ਹੈ। ਹਾਲੇ ਤਕ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ’ਚ ਸਭ ਤੋਂ ਵੱਧ 50, ਪਟਿਆਲਾ ’ਚ 46 ਤੇ ਫਤਹਿਗੜ੍ਹ ਸਾਹਿਬ ’ਚ 37 ਸਾਂਝੇ ਤਾਲਾਬ ਬਣ ਸਕੇ ਹਨ।
ਦੱਸਣਯੋਗ ਹੈ ਕਿ ਹਰ ਜ਼ਿਲ੍ਹੇ ਦੇ ਪੇਂਡੂ ਖੇਤਰਾਂ ’ਚ ਕੁੱਲ 75 ਸਾਂਝੇ ਜਲ ਤਾਲਾਬ ਬਣਾਉਣੇ ਹਨ ਤੇ ਇਕ ਤਲਾਬ ਇਕ ਏਕੜ ਰਕਬੇ ’ਚ ਬਣਾਇਆ ਜਾਣਾ ਹੈ, ਜਿਸ ’ਚ 10,000 ਕਿਊਸਿਕ ਪਾਣੀ ਇਕੱਠਾ ਹੋ ਸਕੇ। ਕੇਂਦਰ ਦੀ ਯੋਜਨਾ ਮੁਤਾਬਕ ਤਾਲਾਬ ਦੀ ਉਸਾਰੀ ਲਈ ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦਾਂ ਦੇ ਪਿੰਡਾਂ ਨੂੰ ਪਹਿਲ ਦਿੱਤੀ ਜਾਵੇਗੀ। ਤਾਲਾਬ ਦਾ ਪਾਣੀ ਸਿੰਚਾਈ, ਮੱਛੀ ਪਾਲਣ ਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਣਾ ਹੈ। ਤਾਲਾਬ ਦੇ ਆਲੇ-ਦੁਆਲੇ ਸੈਰਗਾਹ ਵਿਕਸਤ ਕਰਨ ਦੇ ਨਾਲ ਹੀ ਪੌਦੇ ਲਾਏ ਜਾਣਗੇ।
ਸਾਂਝਾ ਤਾਲਾਬ ਯੋਜਨਾ ਪੂਰੇ ਤਰ੍ਹਾਂ ਸਿਰੇ ਨਾ ਚੜ੍ਹਨ ਬਾਰੇ ਜੁਆਇੰਟ ਡਿਵੈੱਲਪਮੈਂਟ ਕਮਿਸ਼ਨਰ ਅਮਿਤ ਕੁਮਾਰ ਜੋ ਕਿ ਇਸ ਦੇ ਪੰਜਾਬ ’ਚ ਨੋਡਲ ਅਫਸਰ ਹਨ, ਦਾ ਕਹਿਣਾ ਹੈ ਕਿ ਸੂਬੇ ਦੇ ਪਿੰਡਾਂ ’ਚ ਸਾਂਝੇ ਜਲ ਤਾਲਾਬ ਬਣਾਉਣ ਲਈ 1929 ਥਾਵਾਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਹੋਰ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਂਝਾ ਜਲ ਤਾਲਾਬ ਲਈ ਚੁਣੀਆ ਕਈ ਥਾਵਾਂ ਦੇ ਵਿਵਾਦ ਚੱਲ ਰਹੇ ਹਨ ਜਿਸ ਕਾਰਨ ਉਨ੍ਹਾਂ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਾਂਝਾ ਜਲ ਤਾਲਾਬ ਬਣਾਉਣ ਦਾ ਟੀਚਾ 15 ਅਗਸਤ 2023 ਤਕ ਹੈ। ਕੋਸ਼ਿਸ਼ ਹੈ ਕਿ ਸ਼ਨਾਖਤ ਕੀਤੀਆਂ ਥਾਵਾਂ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ ਅਤੇ ਹੋ ਸਕਦਾ ਹੈ ਕਿ ਇਸ ਤੋਂ ਵੱਧ ਵੀ ਸਾਂਝੇ ਜਲ ਤਾਲਾਬ ਬਣਾ ਦਿੱਤੇ ਜਾਣ।
ਜ਼ਿਲ੍ਹਾ ਸ਼ਨਾਖਤ ਥਾਂ ਚੱਲ ਰਿਹਾ ਕੰਮ ਪੂਰਾ ਹੋਇਆ ਕੰਮ
ਅੰਮ੍ਰਿਤਸਰ 106 58 17
ਬਰਨਾਲਾ 26 25 22
ਬਠਿੰਡਾ 94 75 27
ਫਰੀਦਕੋਟ 61 45 35
ਫਤਹਿਗੜ੍ਹ ਸਾਹਿਬ 78 59 37
ਫਾਜ਼ਿਲਕਾ 87 36 15
ਫਿਰੋਜ਼ਪੁਰ 92 45 18
ਗੁਰਦਾਸਪੁਰ 96 50 31
ਹੁਸ਼ਿਆਰਪੁਰ 91 60 25
ਜਲੰਧਰ 100 46 23
ਕਪੂਰਥਲਾ 93 33 19
ਲੁਧਿਆਣਾ 93 33 19
ਮਾਲੇਰਕੋਟਲਾ 30 17 10
ਮਾਨਸਾ 81 77 27
ਮੋਗਾ 96 31 24
ਪਠਾਨਕੋਟ 80 47 20
ਪਟਿਆਲਾ 106 91 46
ਰੂਪਨਗਰ 77 47 31
ਐੱਸਏਐੱਸ ਨਗਰ 84 41 22
ਸੰਗਰੂਰ 99 71 50
ਐੱਸਬੀਐੱਸ ਨਗਰ 85 43 16
ਸ੍ਰੀ ਮੁਕਤਸਰ ਸਾਹਿਬ 84 48 21
ਤਰਨਤਾਰਨ 96 30 17
ਕੁੱਲ 1929 1115 577






