ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਵਰ੍ਹਾ ਮੁਕੰਮਲ ਹੋਣ ’ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਜਲੀ ਖੇਤਰ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬਾਕੀ ਸੈਕਟਰਾਂ ’ਤੇ ਬਿਨਾਂ ਕੋਈ ਕੱਟ ਲਾਇਆਂ ਝੋਨੇ ਦੇ ਸੀਜਨ ਵਿਚ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਫ਼ੈਸਲੇ ਨਾਲ ਸੂਬੇ ਦੇ 90 ਫ਼ੀਸਦੀ ਬਿਜਲੀ ਖਪਤਕਾਰਾਂ ਦਾ ਜ਼ੀਰੋ ਬਿਲ ਆ ਰਿਹਾ ਹੈ। ਭਵਿੱਖ ਵਿਚ ਬਿਜਲੀ ਉਤਪਾਦਨ ਵਧਾਉਣ ਦੇ ਯਤਨ ਜਾਰੀ ਰਹਿਣਗੇ। ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਲੰਘੀ 10 ਜੂਨ ਤੋਂ ਖੇਤੀ ਟਿਊਬਵੈੱਲ ਕਨੈਕਸ਼ਨ ਲੈਣ ਲਈ ਲੋਡ ਵਿਚ ਵਾਧੇ ਨੂੰ ਨਿਯਮਤ ਕਰਨ ਲਈ ਪ੍ਰਤੀ ਬੀਐੱਚਪੀ 4750 ਰੁਪਏ ਦੀ ਬਜਾਏ 2500 ਰੁਪਏ ਦੀ ਰਿਆਇਤੀ ਦਰ ’ਤੇ ਸਵੈ-ਇੱਛਕ ਖ਼ੁਲਾਸਾ ਯੋਜਨਾ ਆਰੰਭ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ 1.96 ਲੱਖ ਕਿਸਾਨਾਂ ਨੇ ਆਪਣੀਆਂ ਮੋਟਰਾਂ ਦਾ ਲਗਭਗ 8 ਲੱਖ ਬੀਐੱਚਪੀ ਲੋਡ ਵਧਾ ਕੇ 180 ਕਰੋੜ ਰੁਪਏ ਬਚਾਏ ਹਨ।
ਉਨ੍ਹਾਂ ਅੱਗੇ ਕਿਹਾ ਕਿ 2022 ਦੌਰਾਨ ਦੇਸ਼ ਵਿਆਪੀ ਕੋਲਾ ਸੰਕਟ ਦੇ ਬਾਵਜੂਦ ਪੰਜਾਬ ਨੇ ਲੰਘੀ 29 ਜੂਨ ਨੂੰ ਆਪਣੀ ਹੁਣ ਤਕ ਦੀ ਸਭ ਤੋਂ ਵੱਡੀ 14,311 ਮੈਗਾਵਾਟ ਦੀ ਮੰਗ ਪੂਰੀ ਕੀਤੀ ਹੈ ਤੇ ਅਪ੍ਰੈਲ ਤੋਂ ਸਤੰਬਰ 2022 ਤਕ ਗਰਮੀਆਂ ਦੇ ਮੌਸਮ ਦੌਰਾਨ ਰਿਕਾਰਡ ਊਰਜਾ ਦੀ ਮੰਗ ਪੂਰੀ ਕੀਤੀ ਗਈ ਸੀ। ਚਲੰਤ ਵਿੱਤੀ ਵਰ੍ਹਾ 2022-23 ਦੌਰਾਨ ਬਿਜਲੀ ਦੀ ਮੰਗ ਪੂਰੀ ਹੋਈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 12 ਫ਼ੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਵਰ੍ਹਾ 2000 ਵਿਚ ਚਾਲੂ ਹੋਣ ਮਗਰੋਂ ਰਣਜੀਤ ਸਾਗਰ ਹਾਈਡ੍ਰੋ ਪਾਵਰ ਪ੍ਰਾਜੈਕਟ ਨੇ ਲੰਘੀ 22 ਅਗਸਤ ਨੂੰ ਇੱਕੋ ਦਿਨ ਵਿਚ 149.55 ਲੱਖ ਯੂਨਿਟ ਦਾ ਰਿਕਾਰਡ ਸਭ ਤੋਂ ਵੱਧ ਉਤਪਾਦਨ ਹਾਸਿਲ ਕੀਤਾ ਹੈ।
ਮੰਤਰੀ ਈਟੀਓ ਨੇ ਦੱਸਿਆ ਕਿ ਸੂਬੇ ਵਿਚ ਉਤਪਾਦਨ ਦੀ ਸਮੱਰਥਾ ਵਧਾਉਣ ਲਈ ਰਾਵੀ ਦਰਿਆ ’ਤੇ ਸ਼ਾਹਪੁਰ ਕੰਡੀ ਪਾਵਰ ਪ੍ਰਾਜੈਕਟ (206 ਮੈਗਾਵਾਟ) ਦੇ ਨਿਰਮਾਣ ਦਾ ਕੰਮ ਜੰਗੀ ਸਤ੍ਹਾ ’ਤੇ ਚੱਲ ਰਿਹਾ ਹੈ। ਇਸ ਦੀ 95.41 ਫ਼ੀਸਦੀ ਪੁਟਾਈ ਦਾ ਕਾਰਜ ਤੇ ਮੁੱਖ ਡੈਮ ਦਾ 81.08 ਫ਼ੀਸਦੀ ਕੰਕ੍ਰੀਟਿੰਗ ਦਾ ਕਾਰਜ ਮੁਕੰਮਲ ਹੋ ਚੁੱਕਿਆ ਹੈ। ਪਾਵਰਕਾਮ ਨੇ ਪਛਵਾੜਾ ਕੋਲਾ ਖਾਣ ਦਾ ਮੁੱਦਾ ਸਬੰਧਤ ਅਥਾਰਟੀ ਦੇ ਸਨਮੁੱਖ ਚੁੱਕਿਆ ਸੀ ਤੇ ਕਾਨੂੰਨੀ ਮਸਲਿਆਂ ਕਾਰਨ ਲੰਘੇ 7 ਸਾਲਾਂ ਤੋਂ ਬੰਦ ਪਏ ਹੋਏ ਕੰਮ-ਕਾਜ ਨੂੰ ਸ਼ੁਰੂ ਕਰਨ ਵਿਚ ਪੇਸ਼ ਚੁਣੌਤੀਆਂ ਨੂੰ ਦੂਰ ਕੀਤਾ ਹੈ। ਹੁਣ ਤਕ 298000 ਮੀਟ੍ਰਿਕ ਟਨ ਕੋਲੇ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ।






