ਨਵੀਂ ਦਿੱਲੀ, 22 ਫਰਵਰੀ, 2022- ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਦੇ ਤਹਿਤ ਗੈਰ-ਕਾਨੂੰਨੀ ਘੋਸ਼ਿਤ ਕੀਤੇ ਗਏ ਸੰਗਠਨ ਸਿੱਖਸ ਫਾਰ ਜਸਟਿਸ (SFJ) ਨਾਲ ਨੇੜਲੇ ਸਬੰਧ ਰੱਖਣ ਵਾਲੇ ਵਿਦੇਸ਼ੀ ਅਧਾਰਤ “ਪੰਜਾਬ ਪਾਲੀਟਿਕਸ ਟੀਵੀ” ਦੇ ਐਪਸ, ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ।
ਮੰਤਰਾਲੇ ਦਾ ਕਹਿਣਾ ਹੈ, “ਖੁਫੀਆ ਜਾਣਕਾਰੀ ਮਿਲੀ ਹੈ ਕਿ ਇਹ ਚੈਨਲ ਆਨਲਾਈਨ ਮੀਡੀਆ ਦੀ ਵਰਤੋਂ ਕਰ ਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ।
ਮੰਤਰਾਲੇ ਮੁਤਾਬਿਕ, ਬਲੌਕ ਕੀਤੇ ਐਪਸ, ਵੈੱਬਸਾਈਟ, ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਸਮਗਰੀ ਵਿੱਚ ਫਿਰਕੂ ਅਸਹਿਮਤੀ ਅਤੇ ਵੱਖਵਾਦ ਨੂੰ ਭੜਕਾਉਣ ਦੀ ਸਮਰੱਥਾ ਸੀ; ਅਤੇ ਭਾਰਤ ਦੀ ਅਖੰਡਤਾ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਹਾਨੀਕਾਰਕ ਪਾਏ ਗਏ ਸਨ।
ਮੰਤਰਾਲੇ ਦਾ ਕਹਿਣਾ ਹੈ, ਕਿ ਇਹ ਵੀ ਦੇਖਿਆ ਗਿਆ ਕਿ ਨਵੀਆਂ ਐਪਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਸ਼ੁਰੂਆਤ ਮੌਜੂਦਾ ਚੋਣਾਂ ਦੌਰਾਨ ਟ੍ਰੈਕਸ਼ਨ ਹਾਸਲ ਕਰਨ ਲਈ ਕੀਤੀ ਗਈ ਸੀ। ਭਾਰਤ ਸਰਕਾਰ ਭਾਰਤ ਵਿੱਚ ਸਮੁੱਚੇ ਸੂਚਨਾ ਵਾਤਾਵਰਣ ਨੂੰ ਸੁਰੱਖਿਅਤ ਕਰਨ ਅਤੇ ਭਾਰਤ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਵਾਲੀਆਂ ਕਿਸੇ ਵੀ ਕਾਰਵਾਈਆਂ ਨੂੰ ਨਾਕਾਮ ਕਰਨ ਲਈ ਚੌਕਸ ਅਤੇ ਵਚਨਬੱਧ ਹੈ।





