ਮੁੰਬਈ, 23 ਫਰਵਰੀ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ 19 ਅਪ੍ਰੈਲ ਨੂੰ ਬਠਿੰਡਾ ਕੋਰਟ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਕੰਗਨਾ ਨੇ ਇੱਕ ਬਜ਼ੁਰਗ ਮਹਿਲਾ ਨੂੰ 100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ ਜਿਸ ਦੇ ਖ਼ਿਲਾਫ਼ ਮਹਿਲਾ ਨੇ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ। ਬਠਿੰਡਾ ਦੇ ਪਿੰਡ ਬਹਾਦੁਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਲੈ ਕੇ ਕੰਗਨਾ ਨੇ ਟਵੀਟ ਕੀਤਾ ਸੀ ਜਿਸ ਤੋ ਬਾਅਦ ਮਹਿੰਦਰ ਕੌਰ ਨੇ ਬਠਿੰਡਾ ਕੋਰਟ ਵਿੱਚ ਮਾਣਹਾਨੀ ਦਾ ਕੇਸ ਕਰ ਦਿੱਤਾ।
ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਨੀਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ 4 ਜਨਵਰੀ 2021 ਨੂੰ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਜਿਸ ਦੀ ਕਰੀਬ 13 ਮਹੀਨੇ ਸੁਣਵਾਈ ਚੱਲੀ। ਹੁਣ ਕੋਰਟ ਨੇ ਕੰਗਨਾ ਨੂੰ ਸੰਮਨ ਜਾਰੀ ਕਰ ਦਿੱਤਾ ਹੈ। ਕੰਗਨਾ ਨੂੰ ਕੋਰਟ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਜਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ ਜੋ ਸ਼ਾਹੀਨ ਬਾਗ ਵਿੱਚ ਐਂਟਰੀ ਸੀ. ਏ. ਏ. ਪ੍ਰੋਟੈਸਟ ਦਾ ਚਿਹਰਾ ਰਹੀ। ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਨੇ ਉਨ੍ਹਾਂ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਪੇਂਡੂ ਅਤੇ ਆਮ ਲੋਕਾਂ ਦੇ ਵਿਚਾਲੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ।






