ਕੈਨਬਰਾ, 23 ਫਰਵਰੀ -ਰੂਸ ਦੇ ਯੂਕ੍ਰੇਨ ਪ੍ਰਤੀ ਹਮਲਾਵਰ ਰਵੱਈਆ ਦਿਖਾਉਣ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਹੁਣ ਆਸਟ੍ਰੇਲੀਆ ਅਤੇ ਜਾਪਾਨ ਨੇ ਵੀ ਪਾਬੰਦੀਆਂ ਲਗਾਏ ਜਾਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਡੋਨੇਟਸਕ ਅਤੇ ਲੁਹਾਨਸਕ ਲੋਕ ਗਣਰਾਜਾਂ (ਡੀ. ਪੀ. ਆਰ. ਅਤੇ ਐੱਲ. ਪੀ. ਆਰ.) ਦੀ ਆਜ਼ਾਦੀ ਨੂੰ ਮਾਨਤਾ ਦੇਣ ਲਈ ਰੂਸ ਤੇ ਪਾਬੰਦੀਆਂ ਲਗਾ ਰਿਹਾ ਹੈ।
ਮੌਰੀਸਨ ਨੇ ਕਿਹਾ ਕਿ ਇਹ ਬਿਲਕੁਲ ਅਸਵੀਕਾਰਨਯੋਗ ਹੈ ਕਿ ਰੂਸ ਆਪਣੇ ਗੁਆਂਢੀ ਤੇ ਹਮਲਾ ਕਰ ਸਕਦਾ ਹੈ। ਆਸਟ੍ਰੇਲੀਆਈ ਸਰਕਾਰ ਰੂਸ ਦੁਆਰਾ ਯੂਕ੍ਰੇਨ ਖ਼ਿਲਾਫ਼ ਹਮਲੇ ਦੇ ਜਵਾਬ ਵਿੱਚ ਤੁਰੰਤ ਰੂਸੀ ਵਿਅਕਤੀਆਂ ਤੇ ਪਾਬੰਦੀਆਂ ਲਗਾਉਣਾ ਸ਼ੁਰੂ ਕਰ ਦੇਵੇਗੀ। ਅਸੀਂ ਮੌਜੂਦਾ ਪਾਬੰਦੀਆਂ ਨੂੰ ਵਧਾਵਾਂਗੇ ਜੋ ਕ੍ਰੀਮੀਆ ਅਤੇ ਸੇਵਾਸਤੋਪੋਲ ਤੇ ਲਾਗੂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਸ਼ੁਰੂਆਤ ਵਿੱਚ ਅਸੀਂ ਰੂਸੀ ਸੰਘ ਦੀ ਸੁਰੱਖਿਆ ਪ੍ਰੀਸ਼ਦ ਦੇ ਅੱਠ ਮੈਂਬਰਾਂ ਤੇ ਯਾਤਰਾ ਪਾਬੰਦੀਆਂ ਅਤੇ ਵਿੱਤੀ ਪਾਬੰਦੀਆਂ ਲਗਾਵਾਂਗੇ। 21 ਫਰਵਰੀ ਨੂੰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਡੀ. ਪੀ. ਆਰ. ਅਤੇ ਐੱਲ. ਪੀ. ਆਰ. ਦੀ ਸੁਤੰਤਰਤਾ ਨੂੰ ਮਾਨਤਾ ਦੇਣ ਵਾਲੇ ਫਰਮਾਨਾਂ ਤੇ ਹਸਤਾਖਰ ਕੀਤੇ। ਨਵੀਆਂ ਸੰਧੀਆਂ ਦੇ ਤਹਿਤ ਮਾਸਕੋ ਦੋ ਰੂਸੀ ਬੋਲਣ ਵਾਲੇ ਗਣਰਾਜਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ। ਇਹ ਫ਼ੈਸਲਾ ਪੱਛਮ ਦੁਆਰਾ ਦਖਲਅੰਦਾਜ਼ੀ ਦੇ ਵਿਚਕਾਰ ਯੂਕ੍ਰੇਨ ਅਤੇ ਵੱਖ ਹੋਏ ਗਣਰਾਜਾਂ ਵਿਚਕਾਰ ਸੰਪਰਕ ਦੀ ਲਾਈਨ ਤੇ ਸਥਿਤੀ ਦੇ ਵਿਗੜਨ ਤੋਂ ਬਾਅਦ ਲਿਆ ਗਿਆ। ਉੱਧਰ ਰੂਸ ਨੇ ਵਾਰ-ਵਾਰ ਯੂਕ੍ਰੇਨ ਤੇ ਹਮਲਾ ਕਰਨ ਦਾ ਕੋਈ ਇਰਾਦਾ ਹੋਣ ਤੋਂ ਇਨਕਾਰ ਕੀਤਾ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਰੂਸ ਅਤੇ ਯੂਕ੍ਰੇਨ ਦੇ ਦੋ ਵੱਖਵਾਦੀ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਆਜ਼ਾਦੀ ਨੂੰ ਰੂਸ ਦੁਆਰਾ ਮਾਨਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹ ਰੂਸ ਤੇ ਕੂਟਨੀਤਕ ਹੱਲ ਦੇ ਰਾਹ ਤੇ ਪਰਤਣ ਲਈ ਦਬਾਅ ਬਣਾਉਣ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਪ੍ਰਧਾਨ ਮੰਤਰੀ ਫੂਮਿਓ ਕੁਸ਼ੀਦਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਯੂਕਰੇਨ ਵਿੱਚ ਰੂਸ ਦੁਆਰਾ ਕਾਰਵਾਈਆਂ ਦੇ ਜਵਾਬ ਵਿੱਚ ਜਾਪਾਨ ਵਿੱਚ ਰੂਸੀ ਸਰਕਾਰੀ ਬਾਂਡ ਜਾਰੀ ਕਰਨ ਅਤੇ ਵੰਡਣ ਤੇ ਪਾਬੰਦੀ ਲਗਾਏਗੀ। ਉਨ੍ਹਾਂ ਨੇ ਕਿਹਾ ਕਿ ਜਾਪਾਨ ਯੂਕ੍ਰੇਨ ਦੇ ਦੋ ਵੱਖਵਾਦੀ ਖੇਤਰਾਂ ਨਾਲ ਸਬੰਧਤ ਲੋਕਾਂ ਨੂੰ ਵੀਜ਼ਾ ਜਾਰੀ ਕਰਨ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਦੋਵਾਂ ਖੇਤਰਾਂ ਨਾਲ ਵਪਾਰ ਤੇ ਪਾਬੰਦੀ ਲਗਾਵੇਗਾ। ਕਿਸ਼ਿਦਾ ਨੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਉਲੰਘਣਾ ਕਰਨ ਲਈ ਰੂਸ ਦੀ ਸਖ਼ਤ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਇਸ ਵਿਕਾਸ ਨੂੰ ਹੱਲ ਕਰਨ ਲਈ ਰੂਸ ਨੂੰ ਕੂਟਨੀਤਕ ਪ੍ਰਕਿਰਿਆ ਵਿੱਚ ਵਾਪਸ ਆਉਣ ਦੀ ਅਪੀਲ ਕਰਦੇ ਹਾਂ।
ਜਿਕਰਯੋਗ ਹੈ ਕਿ ਬ੍ਰਿਟੇਨ ਨੇ ਸਭ ਤੋਂ ਪਹਿਲਾਂ ਕਾਰਵਾਈ ਕਰਦੇ ਹੋਏ ਰੂਸ ਦੇ 5 ਬੈਂਕਾਂ ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਤਿੰਨ ਉੱਚੀ ਨੈੱਟਵਰਥ ਵਾਲੇ ਲੋਕਾਂ ਗੇਨਡੀ ਟਿਮਚੇਂਕੋ, ਇਗੋਰ ਰੋਟੇਨਬਰਗ ਅਤੇ ਬੋਰਿਸ ਰੋਟੇਨਵਰਗ ਤੇ ਪਾਬੰਦੀ ਲਗਾਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਨੂੰ ਦੱਸਿਆ ਕਿ ਰੂਸ ਦੇ ਖ਼ਿਲਾਫ਼ ਇਹ ਕਾਰਵਾਈ ਦੀ ਪਹਿਲੀ ਕਿਸ਼ਤ ਹੈ। ਜਾਨਸਨ ਨੇ ਤਿੰਨ ਉੱਚੀਆਂ ਨੈੱਟਵਰਥ ਵਾਲੇ ਲੋਕਾਂ ਤੇ ਪਾਬੰਦੀ ਬਾਰੇ ਵਿੱਚ ਦੱਸਿਆ ਕਿ ਯੂ. ਕੇ. ਵਿੱਚ ਉਨ੍ਹਾਂ ਦੀ ਕੋਈ ਵੀ ਜਾਇਦਾਦ ਜ਼ਬਤ ਕਰ ਲਈ ਜਾਏਗੀ ਅਤੇ ਸਬੰਧਤ ਵਿਅਕਤੀਆਂ ਤੇ ਇਥੇ ਯਾਤਰਾ ਕਰਨ ਤੇ ਪਾਬੰਦੀ ਲਗਾ ਦਿੱਤੀ ਜਾਏਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਪੂਰਬੀ ਯੂਰਪ ਵਿੱਚ ਸੈਂਕੜੇ ਹੋਰ ਸੈਨਿਕ ਭੇਜ ਰਿਹਾ ਹੈ ਅਤੇ ਰੂਸ ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਹਥਿਆਰਬੰਦ ਬਲਾਂ ਦੇ 460 ਵਾਧੂ ਸੈਨਿਕਾਂ ਨੂੰ ਲਾਤਵੀਆ ਅਤੇ ਆਸਪਾਸ ਦੇ ਖੇਤਰ ਵਿੱਚ ਭੇਜਿਆ ਜਾ ਰਿਹਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਰੂਸ ਵੱਲੋਂ ਯੂਕ੍ਰੇਨ ਦੇ ਵੱਖਵਾਦੀ ਖੇਤਰਾਂ ਨੂੰ ਸੁਤੰਤਰ ਪ੍ਰਦੇਸ਼ਾਂ ਵਜੋਂ ਮਾਨਤਾ ਦੇਣ ਤੋਂ ਬਾਅਦ ਉਨ੍ਹਾਂ ਨੇ ਜਿਨੇਵਾ ਵਿੱਚ ਆਪਣੇ ਰੂਸੀ ਹਮਰੁਤਬਾ ਨਾਲ ਮੀਟਿੰਗ ਰੱਦ ਕਰ ਦਿੱਤੀ ਹੈ। ਬਲਿੰਕੇਨ ਨੇ ਕਿਹਾ ਕਿ ਰੂਸ ਦੀ ਕਾਰਵਾਈ ਦਰਸਾਉਂਦੀ ਹੈ ਕਿ ਉਹ ਮੌਜੂਦਾ ਸੰਕਟ ਦੇ ਹੱਲ ਲਈ ਕੂਟਨੀਤਕ ਰਸਤਾ ਅਪਣਾਉਣ ਨੂੰ ਲੈ ਕੇ ਗੰਭੀਰ ਨਹੀਂ ਹੈ। ਇਸੇ ਕਾਰਨ ਉਨ੍ਹਾਂ ਨੇ ਵੀਰਵਾਰ ਨੂੰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ ਹੈ।






