ਨਵੀਂ ਦਿੱਲੀ, 24 ਫਰਵਰੀ – ਸੋਨੇ ਦੀਆਂ ਕੀਮਤਾਂ ਇਸ ਹਫਤੇ ਦੇ ਸ਼ੁਰੂ ਵਿੱਚ ਨੌਂ ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਹਨ। ਯੂਕਰੇਨ ਵਲੋਂ ਐਮਰਜੈਂਸੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਲਈ ਦੂਸਰੇ ਬਾਜ਼ਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਬ੍ਰੈਂਟ ਕਰੂਡ ਨੇ 2014 ਤੋਂ ਬਾਅਦ ਪਹਿਲੀ ਵਾਰ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਪਾਰ ਕੀਤਾ ਹੈ। ਯੂਕਰੇਨ ਸੰਕਟ ਦੇ ਵਧਣ ਤੇ ਰੂਸ ਦੇ ਹਮਲਾਵਰ ਰੁਖ ਨਾਲ, ਕੱਚੇ ਤੇਲ ਦੇ ਨਿਰਯਾਤ ਲਈ ਨਾਜ਼ੁਕ ਖੇਤਰ ਵਿੱਚ ਡਰ ਵਧ ਗਿਆ ਹੈ। ਰੂਸ ਦੁਨੀਆ ਵਿੱਚ ਤੇਲ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ ਜੋ ਮੁੱਖ ਤੌਰ ਤੇ ਯੂਰਪ ਵਿੱਚ ਰਿਫਾਇਨਰੀਆਂ ਨੂੰ ਆਪਣਾ ਤੇਲ ਵੇਚਦਾ ਹੈ ਅਤੇ 35 ਪ੍ਰਤੀਸ਼ਤ ਹਿੱਸੇ ਦੇ ਨਾਲ ਯੂਰਪ ਨੂੰ ਕੁਦਰਤੀ ਗੈਸ ਦਾ ਸਭ ਤੋਂ ਵੱਡਾ ਸਪਲਾਇਰ ਹੈ।
ਯੂਕਰੇਨ ਸੰਕਟ ਦੇ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 13 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ। ਸਪਾਟ ਬਜ਼ਾਰ ਵਿੱਚ ਸੋਨੇ ਦੀ ਕੀਮਤ 1925 ਡਾਲਰ ਦੇ ਪੱਧਰ ਨੂੰ ਪਾਰ ਕਰਕੇ ਕਰੀਬ 13 ਮਹੀਨਿਆਂ ਤੋਂ 1950 ਡਾਲਰ ਪ੍ਰਤੀ ਔਂਸ ਦੇ ਪੱਧਰ ਤੇ ਪਹੁੰਚ ਗਈ ਹੈ। ਅਮਰੀਕੀ ਸੋਨਾ ਫਿਊਚਰਜ਼ 0.2 ਫੀਸਦੀ ਚੜ੍ਹ ਕੇ 1,913.20 ਡਾਲਰ ਤੇ ਪਹੁੰਚ ਗਿਆ।
ਰੂਸ ਦੇ ਯੂਕਰੇਨ ਤੇ ਹਮਲੇ ਨੇ ਸੋਨੇ ਦੀ ਮੰਗ ਨੂੰ ਵਧਾ ਦਿੱਤਾ ਹੈ ਅਤੇ ਸੋਨਾ 1400 ਰੁਪਏ ਵਧ ਕੇ 51,750 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਜਦਕਿ ਚਾਂਦੀ ਵਾਇਦਾ ਬਾਜਾਰ ਦੀਆਂ ਕੀਮਤਾਂ 1,106 ਰੁਪਏ ਵੱਧ ਕੇ 65,691 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਮਾਹਿਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਸੋਨਾ ਜਲਦੀ ਹੀ 1950 ਡਾਲਰ, 1980 ਡਾਲਰ ਅਤੇ ਫਿਰ 2000 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਜਾ ਸਕਦਾ ਹੈ।
ਅੱਜ ਯੂਕਰੇਨ ਤੇ ਰੂਸੀ ਹਮਲੇ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਡਿੱਗ ਕੇ 75.16 ਦੇ ਪੱਧਰ ਉੱਤੇ ਆ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ, ਘਰੇਲੂ ਸ਼ੇਅਰ ਬਾਜ਼ਾਰ ਵਿੱਚ ਕਮਜ਼ੋਰ ਰੁਝਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 75.02 ਤੇ ਖੁੱਲ੍ਹਿਆ ਅਤੇ ਫਿਰ ਪਿਛਲੀ ਬੰਦ ਕੀਮਤ ਤੋਂ 55 ਪੈਸੇ ਦੀ ਗਿਰਾਵਟ ਨਾਲ 75.16 ਤੇ ਆ ਗਿਆ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.59 ਫੀਸਦੀ ਵਧ ਕੇ 96.75 ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 4.67 ਫੀਸਦੀ ਵਧ ਕੇ 101.36 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ।






