ਸ਼ਿਮਲਾ, 25 ਫਰਵਰੀ – ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਹੋਈ। ਬਰਫਬਾਰੀ ਕਾਰਨ ਹਰ ਪਾਸੇ ਬਰਫ ਦੀ ਮੋਟੀ ਤਹਿ ਜਮ ਗਈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਜੋਤ ਕੋਲ ਭਾਰੀ ਬਰਫ਼ਬਾਰੀ ਕਾਰਨ 45 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਬੀਤੇ ਦਿਨ ਤੋਂ ਹੀ ਫਸੀ ਹੋਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਦਲ ਨੂੰ ਮੌਕੇ ਤੇ ਭੇਜ ਦਿੱਤਾ ਹੈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਸੁਦੇਸ਼ ਮੋਕਤਾ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਕਾਰਨ ਜੋਤ ਕੋਲ ਨਵੀਂ ਪ੍ਰੇਮ ਬੱਸ ਸੇਵਾ ਠੱਪ ਹੋ ਗਈ ਹੈ, ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਹਨ।
ਯਾਤਰੀਆਂ ਨੂੰ ਬਚਾਉਣ ਲਈ ਪੁਲੀਸ ਅਤੇ ਰੈਸਕਿਊ ਟੀਮਾਂ ਮੌਕੇ ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਮਰਜੈਂਸੀ ਮੁਹਿੰਮ ਕੇਂਦਰ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ ਅਤੇ ਉਹ ਮੌਕੇ ਤੇ ਪਹੁੰਚ ਕੇ ਸੜਕ ਖ਼ਾਲੀ ਕਰਵਾਉਣ ਦਾ ਕੰਮ ਕਰ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਅਤੇ ਸੂਬਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਬਰਫ਼ੀਲੇ ਇਲਾਕਿਆਂ ਵਿੱਚ ਯਾਤਰਾ ਕਰਨ ਤੋਂ ਬਚਣ।






