ਸਰੀ, 25 ਫਰਵਰੀ 2022-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਐਕਸ਼ਨ ਨੂੰ ਡੈਮੋਕ੍ਰੈਟਿਕ ਸਿਧਾਂਤਾਂ ਦੇ ਉਲਟ ਦੱਸਿਆ ਹੈ। ਉਨ੍ਹਾਂ ਰੂਸ ਵੱਲੋਂ ਯੂਕਰੇਨ ਤੇ ਕੀਤੇ ਇਸ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਰੂਸ ਨੂੰ ਯੂਕਰੇਨ ਤੋਂ ਤੁਰੰਤ ਆਪਣੀਆਂ ਫੌਜਾਂ ਹਟਾ ਲੈਣੀਆਂ ਚਾਹੀਦੀਆਂ ਹਨ ਅਤੇ ਉਸ ਉਪਰ ਹਮਲਾ ਕਰਨਾ ਵੀ ਬੰਦ ਕਰ ਦੇਣਾ ਚਾਹੀਦਾ ਹੈ।
ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਵਿਰੋਧਤਾ ਰੂਸ ਦੇ ਲੋਕਾਂ ਨਾਲ ਨਹੀਂ ਸਿਰਫ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨਾਲ ਹੈ। ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਲੋਕਾਂ ਨੂੰ ਵੀ ਇਹ ਧਰਵਾਸ ਦਿੱਤਾ ਕਿ ਯੂਕਰੇਨ ਦੇ ਲੋਕ ਆਪਣੇ ਆਪ ਨੂੰ ਇਕੱਲੇ ਨਾ ਸਮਝਣ ਸਗੋਂ ਕੈਨੇਡਾ ਯੂਕਰੇਨ ਦੇ ਲੋਕਾਂ ਦੇ ਨਾਲ ਖੜ੍ਹਾ ਹੈ।
ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਯੂਕਰੇਨੀ ਲੋਕਾਂ ਦੀਆਂ ਇਮੀਗਰੇਸ਼ਨ ਅਰਜ਼ੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਸ ਸੰਬੰਧ ਵਿਚ ਇੱਕ ਵਿਸ਼ੇਸ਼ ਟੈਲੀਫੋਨ ਲਾਈਨ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਰਾਹੀਂ ਯੂਕਰੇਨ ਤੋਂ ਕੈਨੇਡਾ ਦੀ ਇਮੀਗਰੇਸ਼ਨ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੇ ਯੂਕਰੇਨ ਵਿੱਚ ਫਸੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਲਿਆਉਣ ਵਾਸਤੇ ਪੋਲੈਂਡ, ਹੰਗਰੀ, ਸਲੋਵਾਕੀਆ, ਰੁਮਾਨੀਆ ਤੇ ਮੋਲਡੌਵਾ ਰਾਹੀਂ ਸੁਰੱਖਿਅਤ ਹਵਾਈ ਰਸਤੇ ਦਾ ਪ੍ਰਬੰਧ ਕਰ ਲਿਆ ਹੈ।





