ਮੇਰਠ, 5 ਮਾਰਚ-ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਦੌਰਾਲਾ ਰੇਲਵੇ ਸਟੇਸ਼ਨ ਤੇ ਸਵੇਰੇ ਸਹਾਰਨਪੁਰ ਤੋਂ ਦਿੱਲੀ ਜਾਣ ਵਾਲੀ ਇੱਕ ਪੈਸੇਂਜਰ ਰੇਲ ਦੇ 2 ਡੱਬਿਆਂ ਵਿੱਚ ਅੱਗ ਲੱਗਣ ਨਾਲ ਭੱਜ-ਦੌੜ ਪੈ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਰੇਲਵੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਪਰ ਰੇਲ ਦੇ ਦੌਰਾਲਾ ਸਟੇਸ਼ਨ ਤੇ ਖੜ੍ਹੇ ਹੋਣ ਕਾਰਨ ਅੱਗ ਤੇ ਤੁਰੰਤ ਕਾਬੂ ਪਾ ਲਿਆ ਗਿਆ। ਸਾਰੇ ਯਾਤਰੀਆਂ ਦੇ ਡੱਬਿਆਂ ਤੋਂ ਬਾਹਰ ਨਿਕਲਣ ਕਾਰਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਪੁਲੀਸ ਅਨੁਸਾਰ ਸਹਾਰਨਪੁਰ ਪੈਸੇਂਜਰ ਦੌਰਾਲਾ ਸਟੇਸ਼ਨ ਤੇ ਸਵੇਰੇ 7. 10 ਵਜੇ ਪਹੁੰਚਣੀ ਸੀ ਅਤੇ ਆਮ ਤੌਰ ਤੇ ਰੋਜ਼ਾਨਾ ਯਾਤਰੀ ਸਟੇਸ਼ਨ ਤੇ ਮੌਜੂਦ ਸਨ। ਸਟੇਸ਼ਨ ਪਹੁੰਚਦੇ ਹੀ ਅਚਾਨਕ ਰੇਲ ਦੇ 2 ਡੱਬਿਆਂ ਵਿੱਚੋਂ ਧੂੰਆਂ ਨਿੱਕਲਦਾ ਹੋਇਆ ਦਿਖਾਈ ਦਿੱਤਾ। ਰੇਲਵੇ ਅਧਿਕਾਰੀਆਂ ਨੇ ਤੁਰੰਤ ਦੋਵੇਂ ਅੱਗ ਪ੍ਰਭਾਵਿਤ ਡੱਬਿਆਂ ਵਿੱਚੋਂ ਯਾਤਰੀਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ। ਮੌਕੇ ਤੇ ਭੱਜ-ਦੌੜ ਵਰਗੇ ਹਾਲਾਤ ਬਣ ਗਏ ਪਰ ਕਈ ਯਾਤਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿ ਤੇਜ਼ ਹਵਾ ਕਾਰਨ ਅੱਗ ਬੁਝਾਉਣ ਦੇ ਕੰਮ ਵਿੱਚ ਫਾਇਰ ਬ੍ਰਿਗੇਡ ਕਰਮੀਆਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਇਸ ਕਾਰਨ ਮੇਰਠ ਸਹਾਰਨਪੁਰ ਰੇਲਵੇ ਰੂਟ ਪ੍ਰਭਾਵਿਤ ਹੋ ਗਿਆ ਅਤੇ ਕਈ ਮਹੱਤਵਪੂਰਨ ਰੇਲਾਂ ਪ੍ਰਭਾਵਿਤ ਰਹੀਆਂ। ਇਨ੍ਹਾਂ ਵਿੱਚ ਦਿੱਲੀ ਦੇਹਰਾਦੂਨ ਸ਼ਤਾਬਦੀ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈਸ ਅਤੇ ਨੌਚੰਦੀ ਐਕਸਪ੍ਰੈਸ ਆਦਿ ਗੱਡੀਆਂ ਸ਼ਾਮਲ ਰਹੀਆਂ।






