ਬਰੈਂਪਟਨ, 5 ਮਾਰਚ -ਉੱਤਰੀ ਮਿਸੀਸਾਗਾ ਅਤੇ ਬਰੈਂਪਟਨ ਦੇ ਧਾਰਮਿਕ ਪੂਜਾ ਸਥਾਨਾਂ ਤੇ ਲੱਗੇ ਦਾਨ ਬਕਸਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਚੋਰੀਆਂ ਦੇ ਸਬੰਧ ਵਿੱਚ 3 ਪੰਜਾਬੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੇ ਦਰਜਨਾਂ ਦੋਸ਼ ਲੱਗੇ ਹਨ। ਪੀਲ ਰੀਜਨਲ ਪੁਲੀਸ ਨੇ ਬੀਤੇ ਦਿਨੀ ਬਰੈਂਪਟਨ ਤੋਂ ਇਨ੍ਹਾਂ ਤਿੰਨਾਂ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਦਾ ਕਹਿਣਾ ਹੈ ਕਿ ਇਹ ਦੋਸ਼ ਪਿਛਲੇ ਸਾਲ ਨਵੰਬਰ ਮਹੀਨੇ ਅਤੇ ਇਸ ਮਹੀਨੇ ਦਰਮਿਆਨ ਮਿਸੀਸਾਗਾ ਅਤੇ ਬਰੈਂਪਟਨ ਦੇ ਮਾਲਟਨ ਖੇਤਰ ਵਿੱਚ ਮੰਦਰਾਂ ਅਤੇ ਹੋਰ ਧਾਰਮਿਕ ਪੂਜਾ ਸਥਾਨਾਂ ਵਿੱਚ ਇੱਕ ਦਰਜਨ ਤੋਂ ਵੱਧ ਤੋੜ-ਭੰਨ ਅਤੇ ਚੋਰੀ ਨਾਲ ਸਬੰਧਤ ਹਨ।
ਪੁਲੀਸ ਨੇ ਪਹਿਲਾਂ ਇਨ੍ਹਾਂ ਘਟਨਾਵਾਂ ਨੂੰ ਮੌਕੇ ਦਾ ਅਪਰਾਧ ਦੱਸਿਆ ਸੀ ਅਤੇ ਉਨ੍ਹਾਂ ਕੋਲ ਇਸ ਸਮੇਂ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਘਟਨਾਵਾਂ ਨਫ਼ਰਤ ਤੋਂ ਪ੍ਰੇਰਿਤ ਹਨ। ਜਾਂਚਕਰਤਾਵਾਂ ਦੇ ਅਨੁਸਾਰ, ਚੋਰੀਆਂ ਲਈ ਜ਼ਿੰਮੇਵਾਰ ਲੋਕਾਂ ਨੇ ਇਮਾਰਤਾਂ ਵਿੱਚ ਪਹੁੰਚ ਕੀਤੀ, ਦਾਨ ਬਕਸਿਆਂ ਵਿੱਚੋਂ ਨਕਦੀ ਕੱਢਣ ਲਈ ਅੱਗੇ ਵਧੇ ਅਤੇ ਫਿਰ ਖੇਤਰ ਤੋਂ ਭੱਜ ਗਏ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਅਪਰਾਧ ਨਫ਼ਰਤ ਤੋਂ ਪ੍ਰੇਰਿਤ ਹਨ। ਤਿੰਨਾਂ ਪੰਜਾਬੀਆਂ ਦੀ ਪਛਾਣ ਜਗਦੀਸ਼ ਪੰਧੇਰ (39), ਗੁਰਸ਼ਰਨਜੀਤ ਢੀਂਡਸਾ (31) ਅਤੇ ਪਰਮਿੰਦਰ ਗਿੱਲ (42) ਵਜੋਂ ਹੋਈ ਹੈ, ਜੋ ਬਰੈਂਪਟਨ ਦੇ ਰਹਿਣ ਵਾਲੇ ਹਨ। ਹਰੇਕ ਤੇ ਭੇਸ ਬਦਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ 13 ਦੋਸ਼ ਲਗਾਏ ਗਏ ਹਨ।





