ਨਵੀਂ ਦਿੱਲੀ,7 ਮਾਰਚ- ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ਹਿਰ ਦੇ ਇੰਦਰਪ੍ਰਸਥ ਡਿਪੂ ਤੋਂ 100 ਲੋਅ ਫਲੋਰ ਏਅਰ ਕੰਡੀਸ਼ਨਡ ਸੀ.ਐਨ.ਜੀ. ਬੱਸਾਂ ਅਤੇ ਇਕ ਪ੍ਰੋਟੋਟਾਈਪ (ਨਮੂਨਾ) ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਗਹਿਲੋਤ ਨੇ ਕਿਹਾ ਕਿ ਇਹ ਬੱਸਾਂ ਆਧੁਨਿਕ ਅਤੇ ਵਾਤਾਵਰਣ ਅਨੁਕੂਲ ਹਨ ਅਤੇ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਹਾਈ ਹੋਣਗੀਆਂ।
ਦਿੱਲੀ ਸਰਕਾਰ ਦੀ ਕਲੱਸਟਰ ਸਕੀਮ ਤਹਿਤ ਲਿਆਂਦੀਆਂ ਗਈਆਂ ਇਹ ਬੱਸਾਂ ਪੈਨਿਕ ਬਟਨ ਅਤੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ.ਪੀ.ਐਸ.) ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਸ ਵਿੱਚ ਦਿਵਿਯਾਂਗ ਲੋਕ ਵੀ ਆਸਾਨੀ ਨਾਲ ਸਫ਼ਰ ਕਰ ਸਕਣਗੇ। ਇਨ੍ਹਾਂ 100 ਬੱਸਾਂ ਦੇ ਚੱਲਣ ਨਾਲ ਸ਼ਹਿਰ ਵਿੱਚ ਜਨਤਕ ਟਰਾਂਸਪੋਰਟ ਦੀਆਂ ਬੱਸਾਂ ਦੀ ਗਿਣਤੀ 7,000 ਹੋ ਗਈ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਜਨਵਰੀ ਵਿੱਚ 100 ਲੋਅ ਫਲੋਰ ਏਅਰ-ਕੰਡੀਸ਼ਨਡ ਕੰਪਰੈਸਡ ਨੈਚੁਰਲ ਗੈਸ (ਸੀ.ਐਨ.ਜੀ.) ਬੱਸਾਂ ਅਤੇ ਇਕ ਪ੍ਰੋਟੋਟਾਈਪ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਗਹਿਲੋਤ ਨੇ ਉਦੋਂ ਕਿਹਾ ਸੀ ਕਿ ਸਰਕਾਰ ਅਪ੍ਰੈਲ ਤੱਕ 300 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।






