ਮਾਲੇਰਕੋਟਲਾ 18 ਮਾਰਚ 2022 – ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਦਾ ਨਾਂ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਪਰ ਕੈਬਨਿਟ ਵਿਚ ਹਰ ਖਿੱਤੇ ਅਤੇ ਹਰ ਵਰਗ ਨੂੰ ਨੁਮਾਇੰਦਗੀ ਮਿਲੇ ਅਜਿਹਾ ਕਰਨਾ ਹਰ ਸਰਕਾਰ ਆਪਣਾ ਫਰਜ਼ ਸਮਝਦੀ ਹੈ ਇਸੇ ਫ਼ਰਜ਼ ਦੀ ਮੰਗ ਕਰਦਿਆਂ ਮਾਲੇਰਕੋਟਲਾ ਤੋਂ ਵੱਡੇ ਮਾਰਜਨ ਨਾਲ ਜੇਤੂ ਰਹੇ ਡਾ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਕੈਬਨਿਟ ਮੰਤਰੀ ਬਣਾਉਣ ਲਈ ਮੰਗ ਕਰਦਿਆਂ ਇਲਾਕੇ ਦੇ ਸੀਨੀਅਰ ਆਗੂਆਂ ਮੁਹੰਮਦ ਸਰਦਾਰ ਦਾਰਾ ਮੁਹੰਮਦ ਇਦਹਾਕ ਸਾਕਾ ਸਾਕਿਬ ਅਲੀ ਖਾਨ ਰਾਜਾ ( ਸਾਰੇ ਸਾਬਕਾ ਪ੍ਰਧਾਨ ਨਗਰ ਕੌਂਸਲ) , ਮੁਹੰਮਦ ਸ਼ਮਸੂਦੀਨ ਚੌਧਰੀ ,ਹਾਜੀ ਅਨਵਾਰ ਅਹਿਮਦ ਬਿੱਟੂ ਚੌਹਾਨ ਸਕੱਤਰ ਆਮ ਆਦਮੀ ਪਾਰਟੀ ਅਤੇ ਮੁਹੰਮਦ ਹਲੀਮ ਮਿਲਕੋਵਾਲ ਨੇ ਮੰਗ ਕਰਦਿਆਂ ਕਿਹਾ ਮਾਲੇਰਕੋਟਲਾ ਪੰਜਾਬ ਦਾ ਇਕੋ ਇਕ ਮੁਸਲਿਮ ਬਹੁ ਗਿਣਤੀ ਵਾਲਾ ਹਲਕਾ ਹੈ ਜੋ ਪੂਰੇ ਪੰਜਾਬ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਦਾ ਹੈ ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਪੰਜਾਬ ਦੀ ਇਕੋ ਇਕ ਸੀਟ ਹੋਣ ਕਾਰਣ ਪੰਜਾਬ ਦੀ ਹਰ ਸਰਕਾਰ ਵੱਲੋ ਇਸ ਹਲਕੇ ਦੇ ਵਿਧਾਇਕ ਨੂੰ ਮੰਤਰੀ ਦਾ ਰੈਂਕ ਨਸੀਬ ਹੋਇਆ ਹੈ।
ਇਸ ਲਈ ਪੰਜਾਬ ਦੇ ਹਰ ਖਿੱਤੇ ਵਿਚ ਵਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਡਾ ਜਮੀਲ ਉਰ ਰਹਿਮਾਨ ਨੂੰ ਮੰਤਰੀ ਬਣਾਉਣਾ ਹੀ ਬਣਦਾ ਹੈ ਕਿਉਂਕਿ ਜਿੱਥੇ ਉਹ ਮੁਸਲਮਾਨ ਹਨ ਉੱਥੇ ਹੀ ਘੱਟ ਗਿਣਤੀ ਨਾਲ ਸਬੰਧਤ ਵੀ ਹਨ ਉਨ੍ਹਾਂ ਕਿਹਾ ਕਿ . ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਨੁਸਰਤ ਖਾਨ ਨੂੰ ,1992 ਵਿਚ ਕਾਂਗਰਸ ਦਿ ਬੇਅੰਤ ਸਿੰਘ ਸਰਕਾਰ ਵੱਲੋਂ ਚੋਣ ਜਿੱਤੇ ਚੌਧਰੀ ਅਬਦੁੱਲ ਗੁਫਾਰ ਨੂੰ ,1997 ਵਿਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਚੋਣ ਜਿੱਤੇ ਨੁਸਰਤ ਇਕਰਾਮ ਖਾਂ ਬੱਗਾ ਨੂੰ ਕੈਬਨਿਟ ਮੰਤਰੀ, 2002 ਵਿਚ ਚੋਣ ਜਿੱਤੀ ਮੈਡਮ ਰਜ਼ੀਆ ਸੁਲਤਾਨਾ ਨੂੰ ਕੈਪਟਨ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਸੀ।
2007 ਵਿਚ ਭਾਵੇਂ ਦੁਬਾਰਾ ਰਜ਼ੀਆ ਸੁਲਤਾਨਾ ਕਾਂਗਰਸ ਵੱਲੋਂ ਚੋਣ ਜਿੱਤ ਗਏ ਸਨ ਪਰ ਉਸ ਸਮੇਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਸੀ।2012 ਵਿਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸਰਕਾਰ ਵਿਚ ਇਥੋਂ ਵਿਧਾਇਕਾ ਚੁਣੀ ਗਈ ਬੀਬੀ ਫਰਜਾਨਾ ਆਲਮ ਨੂੰ ਮੁੱਖ ਸੰਸਦੀ ਸਕੱਤਰ ਬਣਾਇਆ ਗਿਆ ਸੀ ਜਦਕਿ 2017 ਵਿਚ ਕੈਪਟਨ ਸਰਕਾਰ ਵਿਚ ਮੁੜ ਤੋਂ ਵਿਧਾਇਕਾ ਰਜ਼ੀਆ ਸੁਲਤਾਨਾ ਨੂੰ ਕੈਬਨਿਟ ਮੰਤਰੀ ਬਣਾਕੇ ਪੂਰੇ ਪੰਜਾਬ ਵਿੱਚ ਵਸ ਰਹੀ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੀ ਨੁਮਾਇੰਦਗੀ ਇੱਥੋਂ ਜਿੱਤੇ ਵਿਧਾਇਕ ਵੱਲੋ ਕਿਤੀ ਜਾਂਦੀ ਰਹੀ ਹੈ ।
ਇਸ ਵਾਰ ਪੰਜਾਬ ਦੀਆਂ ਚਰਚਿਤ ਸੀਟਾਂ ਵਿੱਚੋਂ ਗਿਣੀ ਜਾਂਦੀ ਮਾਲੇਰਕੋਟਲਾ ਦੀ ਵਿਧਾਇਕਾ ਤੇ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਹਰਾ ਕੇ ਵਿਧਾਇਕ ਬਣੇ ਡਾ ਜਮੀਲ ਉਰ ਰਹਿਮਾਨ ਨੂੰ ਐਂਤਕੀ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਨੂੰ ਨਵੀਂ ਕੈਬਨਿਟ ਵਿਚ ਜਰੂਰ ਥਾਂ ਜ਼ਰੂਰ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਡਾ. ਜਮੀਲ ਉਰ ਰਹਿਮਾਨ ਪੀ.ਐਚ.ਡੀ ਦੀ ਡਿਗਰੀ ਕੁੱਝ ਮਹੀਨੇ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਵਰ ਮਹਿੰਦਰ ਸਿੰਘ ਬੇਦੀ’ ਦੇ ਵਿਸ਼ੇ ਤੇ ਖੋਜ ਕਰਕੇ ਹਾਸਲ ਕੀਤੀ ਹੈ।ਭਾਵੇਂ ਉਹ ਪਹਿਲੀ ਵਾਰ ਵਿਧਾਇਕ ਬਣੇ ਹਨ ਪਰ ਕਰੀਬ ਢਾਈ ਦਹਾਕਿਆਂ ਤੋਂ ਉਹ ਸਿਆਸਤ ਨਾਲ ਜੁੜੇ ਹੋਏ ਹੋਣ ਕਾਰਨ ਰਾਜਨੀਤਕ ਸੂਝ ਬੂਝ ਰੱਖਣ ਵਾਲੇ ਆਪ ਦੇ ਫਾਊਂਡਰ ਆਗੂਆਂ ਵਜੋਂ ਜਾਣੇ ਜਾਂਦੇ ਹਨ ।





