ਐਸ ਏ ਐਸ ਨਗਰ, 23 ਮਾਰਚ- ਪੰਜਾਬ ਸਕੂਲ ਸਿਖਿਆ ਬੋਰਡ ਦੇ ਮੁੱਖ ਦਫਤਰ ਫੇਜ਼ 8 ਮੁਹਾਲੀ ਵਿਖੇ ਧਰਨਾ ਦੇ ਰਹੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਤਾਬਾਂ ਵਿੱਚ ਗਲਤ ਸਿੱਖ ਇਤਿਹਾਸ ਪੇਸ਼ ਕਰਨ ਵਾਲੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਅੱਜ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਮਨਜੀਤ ਸਿੰਘ ਸੋਢੀ ਜਲੰਧਰ ਅਤੇ ਉਸਦੀ ਪਤਨੀ ਐਮ ਪਾਲ, ਮਾਡਰਨ ਪਬਲਿਸ਼ਰ ਜਲੰਧਰ, ਐਮ ਬੀ ਪ੍ਰਿੰਟਿੰਗ ਰਾਮ ਨਗਰ ਜਿਲਾ ਊਨਾ, ਕਸਤੂਰੀ ਲਾਲ ਅਂੈਡ ਸੰਨਜ ਵਿਕਰੇਤ ਅੰਮ੍ਰਿਤਸਰ ਵਲੋਂ ਡੂੰਘੀ ਸਾਜਿਸ ਅਧੀਨ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪਾਬੰਦੀ ਸ਼ੁਦਾ ਕਿਤਾਬਾਂ ਹਿਸਟਰੀ ਆਫ ਪੰਜਾਬ ਕਲਾਸ ਬਾਰਵੀਂ ਵਿੱਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ, ਪੰਜਾਬ ਦੇ ਇਤਿਹਾਸ ਨੂੰ ਵਿਗਾੜ ਕੇ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਗਲਤ ਲਿਖ ਕੇ ਛਪਾਈ ਜਾ ਰਹੀ ਹੈ ਅਤੇ ਇਹ ਕਿਤਾਬ ਦੁਕਾਨਾਂ ਤੇ ਵਿਕ ਵੀ ਰਹੀ ਹੈ। ਉਹਨਾਂ ਕਿਹਾ ਕਿ ਇਹ ਵਿਵਾਦਿਤ ਕਿਤਾਬ ਪ੍ਰੋ. ਮਨਜੀਤ ਸਿੰਘ ਸੋਢੀ ਵਲੋਂ ਲਿਖੀ ਗਈ ਹੈ, ਜਦੋਂਕਿ ਇਸੇ ਵਿਸ਼ੇ ਦੀਆਂ ਕੁੰਜੀਆਂ (ਛੋਟੀਆਂ ਸਹਾਇਕ ਕਿਤਾਬਾਂ) ਉਸਦੀ ਪਤਨੀ ਐਮ ਪਾਲ ਵਲੋਂ ਲਿਖੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਇਹਨਾਂ ਪਤੀ ਪਤਨੀ ਵਲੋਂ ਲਿਖੀਆਂ ਕਿਤਾਬ ਪੰਜਾਬ ਦਾ ਇਤਿਹਾਸ ਅਤੇ ਕੁੰਜੀਆਂ ਨੂੰ ਸਾਲ 1998 ਵਿੱਚ ਪ੍ਰਵਾਨਗੀ ਦਿਤੀ ਗਈ ਸੀ ਪਰ ਮਿਤੀ 14-7-2017 ਨੂੰ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਇਸ ਕਿਤਾਬ ਅਤੇ ਕੁੰਜੀਆਂ ਤੇ ਰੋਕ ਲਗਾ ਦਿਤੀ ਗਈ ਸੀ ਪਰ ਉਹੀ ਕਿਤਾਬਾਂ ਉਕਤ ਵਿਅਕਤੀਆਂ ਵਲੋਂ ਅੱਜ ਵੀ ਛਪਵਾ ਕੇ ਸਕੂਲਾਂ ਵਿਚ ਬਚਿਆਂ ਨੂੰ ਪੜਾਈਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਇਸ ਦੇ ਪਿੱਛੇ ਡੂੰਘੀ ਸਾਜਿਸ ਹੈ। ਉਹਨਾਂ ਕਿਹਾ ਕਿ ਵੱਡੀ ਹੈਰਾਣੀ ਵਾਲੀ ਗਲ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਇਹਨਾਂ ਦੀਆਂ ਕਿਤਾਬਾਂ ਅਤੇ ਕੁੰਜੀਆਂ ਤੇ ਰੋਕ ਲਗਾਉਣ ਦੇ ਬਾਵਜੂਦ ਇਹਨਾਂ ਪਤੀ ਪਤਨੀ ਵਲੋਂ ਉਕਤ ਕਿਤਾਬਾਂ ਤੇ ਕੁੰਜੀਆਂ ਛਪਵਾ ਕੇ ਵੇਚੀਆਂ ਜਾ ਰਹੀਆਂ ਹਨ, ਪਰ ਇਹਨਾਂ ਵਿਰੁੱਧ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਇਸਦੇ ਬਾਵਜੂਦ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਉਕਤ ਕਿਤਾਬਾਂ ਦੀ ਥਾਂ ਹੋਰ ਢੁੱਕਵੀਆਂ ਅਤੇ ਸਹੀ ਤਰੀਕੇ ਨਾਲ ਲਿਖੀਆਂ ਕਿਤਾਬਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਇਸ ਵਿਵਾਦਿਤ ਕਿਤਾਬ ਨੂੰ ਅਤੇ ਕੁੰਜੀਆਂ ਨੂੰ ਛਾਪਿਆ ਅਤੇ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਕਿਤਾਬਾਂ ਤੇ ਕੁੰਜੀਆਂ ਵਿੱਚ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇਣ ਨਾਲ ਉਹਨਾਂ ਦੀਆਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਮੰਗ ਕੀਤੀ ਕਿ ਉਕਤ ਕਿਤਾਬਾਂ ਵਿੱਚ ਸਿਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੇ ਉਕਤ ਸਾਰੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।





