ਮੁੰਬਈ, 23 ਮਾਰਚ – ਮੁੰਬਈ ਦੀ ਅਦਾਲਤ ਨੇ ਸਾਲ 2019 ਵਿੱਚ ਝਗੜੇ ਦੇ ਸਬੰਧ ਵਿੱਚ ਪੱਤਰਕਾਰ ਵੱਲੋਂ ਦਾਇਰ ਸ਼ਿਕਾਇਤ ਉੱਤੇ ਅਭਿਨੇਤਾ ਸਲਮਾਨ ਖਾਨ ਅਤੇ ਉਸ ਦੇ ਅੰਗ ਰੱਖਿਅਕ ਨਵਾਜ਼ ਸ਼ੇਖ ਨੂੰ ਸੰਮਨ ਜਾਰੀ ਕੀਤਾ ਹੈ। ਮੈਟਰੋਪੋਲਿਟਨ ਮੈਜਿਸਟਰੇਟ ਆਰ. ਆਰ. ਖਾਨ ਨੇ ਆਪਣੇ ਆਦੇਸ਼ ਵਿੱਚ ਨੋਟ ਕੀਤਾ ਕਿ ਇਸ ਮਾਮਲੇ ਵਿੱਚ ਪੁਲੀਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 504 ਅਤੇ 506 ਤਹਿਤ ਅਪਰਾਧ ਕੀਤੇ ਗਏ ਹਨ। ਅਦਾਲਤ ਨੇ ਸੰਮਨ ਜਾਰੀ ਕਰਕੇ ਮਾਮਲੇ ਦੀ ਅਗਲੀ ਸੁਣਵਾਈ 5 ਅਪਰੈਲ ਤੇ ਪਾ ਦਿੱਤੀ ਹੈ। ਪੱਤਰਕਾਰ ਨੇ ਆਪਣੀ ਸ਼ਿਕਾਇਤ ਵਿੱਚ ਸਲਮਾਨ ਖਾਨ ਅਤੇ ਸ਼ੇਖ ਖ਼ਿਲਾਫ਼ ਅਪਰਾਧਿਕ ਕਾਰਵਾਈ ਕਰਨ ਦੀ ਮੰਗ ਕੀਤੀ ਸੀ।






