ਨਵੀਂ ਦਿੱਲੀ, 23 ਮਾਰਚ – ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਨਵੀਂਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਵੀ ਪੈਟਰੋਲ-ਡੀਜ਼ਲ ਦੇ ਭਾਅ ਵਿੱਚ ਵਾਧਾ ਹੋਇਆ ਹੈ। ਲਗਾਤਾਰ ਦੂਜੇ ਦਿਨ ਦੋਵੇਂ ਫਿਊਲ ਦੀਆਂ ਕੀਮਤਾਂ ਵਿੱਚ 80-80 ਪੈਸੇ ਦਾ ਵਾਧਾ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 97.01 ਰੁਪਏ ਹੋ ਗਈ ਹੈ, ਜੋ ਪਹਿਲੇ 96.21 ਰੁਪਏ ਪ੍ਰਤੀ ਲੀਟਰ ਸੀ। ਜਦੋਂਕਿ ਡੀਜ਼ਲ ਦੀ ਕੀਮਤ 87.47 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ 88.27 ਰੁਪਏ ਹੋ ਗਈ ਹੈ। ਮੁੰਬਈ ਵਿੱਚ ਪੈਟਰੋਲ 111.67 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ, ਜਦੋਂਕਿ ਡੀਜ਼ਲ 95.85 ਰੁਪਏ ਤੇ ਹੈ।
ਨਵੀਂਆਂ ਕੀਮਤਾਂ ਦੇ ਮੁਤਾਬਕ ਅੱਜ ਵੀ ਦੇਸ਼ ਵਿੱਚ ਸਭ ਤੋਂ ਸਸਤਾ ਪੈਟਰੋਲ 84.30 ਰੁਪਏ ਲੀਟਰ ਦੇ ਹਿਸਾਬ ਨਾਲ ਪੋਰਟ ਬਲੇਅਰ ਵਿੱਚ ਵਿਕ ਰਿਹਾ ਹੈ ਤਾਂ ਡੀਜ਼ਲ ਵੀ ਇਥੇ 78.52 ਰੁਪਏ ਪ੍ਰਤੀ ਲੀਟਰ ਹੈ। ਪੈਟਰੋਲ, ਭੋਪਾਲ, ਜੈਪੁਰ, ਪਟਨਾ, ਕੋਲਕਾਤਾ, ਚੇਨਈ ਅਤੇ ਬੰਗਲੁਰੂ ਵਿੱਚ 100 ਦੇ ਪਾਰ ਹੈ। ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਹੈ। ਇਥੇ ਇੱਕ ਲੀਟਰ ਪੈਟਰੋਲ ਦੀ ਕੀਮਤ 113.87 ਰੁਪਏ ਅਤੇ ਡੀਜ਼ਲ 96.91 ਰੁਪਏ ਹੈ।






