ਮਾਲੇਰਕੋਟਲਾ 23 ਮਾਰਚ :2022 – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ”ਮੇਰਾ ਮਾਲੇਰਕੋਟਲਾ – “ਪਲਾਸਟਿਕ ਮੁਕਤ”, “ਨਸ਼ਾ ਮੁਕਤ ” ਅਤੇ “ਭਾਈਚਾਰਕ ਸਾਂਝ ਵਾਲਾ” ਵਿਸ਼ਿਆਂ ਤੇ ਵੱਖ ਵੱਖ ਸਕੂਲਾਂ ਦੇ ਵਿੱਦਿਆਰਥੀਆਂ ਵਲੋਂ ਕੱਢੀ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਵਲੋਂ ਦਰਸਾਏ ਗਏ ਮਾਰਗਾਂ ਤੇ ਚੱਲਣਾ ਚਾਹੀਦਾ ਹੈ ।
ਅਸੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਕਾਰਨ ਹੀ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ । ਪੰਜਾਬੀਆਂ ਦੇ ਮਨਾਂ ਵਿੱਚ ਸ਼ਹੀਦ ਭਗਤ ਸਿੰਘ ਲਈ ਵਿਸ਼ੇਸ ਸਥਾਨ ਹੈ। ਉਹਨਾਂ ਸਕੂਲੀ ਵਿਦਿਆਰਥੀਆਂ ਨੂੰ ਕਿਹਾ ਕਿ ਸਕੂਲ ਦੀਆਂ ਦੀਵਾਰਾਂ ਤੇ ਲਿਖੀਆਂ ਅਬਾਰਤਾ ਨੂੰ ਅਪਣਾ ਕੇ ਹੀ ਸ਼ਹੀਦਾ ਦੇ ਦਰਸਾਏ ਰਾਹਾਂ ਤੇ ਚੱਲਿਆ ਜਾ ਸਕਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਿੱਦਿਅਕ ਪਾਠਕ੍ਰਮ ਦੇ ਨਾਲ ਨਾਲ ਸ਼ਹੀਦਾਂ ਦੀਆਂ ਜੀਵਨੀਆਂ ਜਰੂਰ ਪੜ੍ਹਨ ।
ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ਼ਹੀਦਾਂ ਦੇ ਸੁਪਨਿਆ ਦਾ ਸਮਾਜ ਉਲੀਕਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਦਾ ਡਟ ਕੇ ਮੁਕਾਬਲਾ ਕਰੀਏ । ਇਥੇ ਵਰਨਣਯੋਗ ਹੈ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ(ਮੁੰਡੇ) ਤੋਂ ਸੁਰੂ ਕੀਤੀ ਗਈ ਰੈਲੀ ਨੂੰ ਵੀ ਡਿਪਟੀ ਕਮਿਸ਼ਨਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਹ ਦੋਵੇ ਰੈਲੀਆਂ ਸ਼ਹਿਰ ਦੀਆਂ ਵੱਖ ਵੱਖ ਗਲੀਆਂ , ਬਜ਼ਾਰਾ, ਮੁਹੱਲਿਆਂ ਆਦਿ ਤੋਂ ਹੁੰਦੀਆਂ ਹੋਈਆਂ ਦਫਤਰ ਡਿਪਟੀ ਕਮਿਸ਼ਨਰ ਵਿਖੇ ਸਮਾਪਤ ਹੋਈਆਂ ।
ਡਿਪਟੀ ਕਮਿਸ਼ਨਰ ਨੇ ਸਹਿਰ ਵਾਸ਼ੀਆਂ ਨੂੰ “ਮੇਰਾ ਮਾਲੇਰਕੋਟਲਾ – “ਪਲਾਸਟਿਕ ਮੁਕਤ”, “ਨਸ਼ਾ ਮੁਕਤ ” ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕੰਜੇ ਵਿੱਚੋਂ ਕੱਢਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਤਬਾਹ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਸੂਬੇ ਦੇ ਵਿਕਾਸ ਤੇ ਤਰੱਕੀ ਦੇ ਹਿੱਤ ਵਿੱਚ ਹੈ। ਇਸੇਂ ਤਰ੍ਹਾਂ ਵਾਤਾਵਰਨ ਦੀ ਸਵੱਛਤਾ ਵੱਲ ਵੀ ਵਿਸ਼ੇਸ ਉਪਰਾਲੇ ਕਰਨੇ ਚਾਹੀਦੇ ਹਨ।
ਵਿਧਾਇਕ ਮਾਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜ਼ਾਦੀ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆ ਨੂੰ ਭੁਲਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੁਦਾ-ਜੁਦਾ ਹੈਂ ਸੂਰਤੇ,ਲਹੂ ਕਾ ਰੰਗ ਏਕ ਹੈ, ਰੱਬ ਦੇ ਬਣਾਏ ਇਨਾਸਾਨਾਂ ਦੀਆਂ ਸੂਰਤਾ ਭਾਵੇ ਵੱਖ ਵੱਖ ਹਨ। ਪਰ ਕੁਦਰਤ ਦਾ ਨਿਜਾਮ ਸਭ ਲਈ ਇੱਕ ਹੈ, ਕੁਦਰਤੀ ਸਰੋਤ ਸਭ ਲਈ ਇੱਕ ਸਮਾਨ ਹਨ, ਜਿਵੇਂ ਰੱਬ ਨੇ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਕੀਤਾ ਉਸੇ ਤਰ੍ਹਾਂ ਸਾਨੂੰ ਸਭ ਨੂੰ ਆਪਸੀ ਭਾਇਚਾਰਕ ਸਾਂਝ, ਫਿਰਕਾ ਪ੍ਰਸਤੀ ਤੋਂ ਉਪਰ ਉਠਕੇ ਸਮਾਜ ਦੀ ਬੇਹਤਰੀ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ ।
ਉਨ੍ਹਾਂ ਇਸ ਮੌਕੇ ਕਿਹਾ ਕਿ ਸਾਨੂੰ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਕੇ,ਜਾਤ ਪਾਤ,ਧਰਮ ਤੋਂ ਉਪਰ ਉਠਕੇ ਦੇਸ਼ ਦੀ ਤਰੱਕੀ ,ਦੁਨੀਆਂ ਵਿੱਚ ਦੇਸ਼ ਨੂੰ ਵਿਕਸਿਤ ਦੇਸ਼ ਵਜੋਂ ਅੱਗੇ ਲੈ ਕੇ ਜਾਣ ਲਈ ਉਪਰਾਲੇ ਕਰਨੇ ਚਾਹੀਦੇ ਹਨ । ਲੱਖਾਂ ਕੁਰਬਾਨੀਆਂ ਬਾਅਦ ਦੇਸ਼ ਆਜਾਦ ਹੋਇਆ ,ਜਿਸ ਦਾ ਅੱਜ ਅਸੀਂ ਆਨੰਦ ਮਾਣ ਰਹੇ ਹਾਂ । ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ”ਮੇਰਾ ਮਾਲੇਰਕੋਟਲਾ – “ਪਲਾਸਟਿਕ ਮੁਕਤ”, “ਨਸ਼ਾ ਮੁਕਤ ” ਅਤੇ “ਭਾਈਚਾਰਕ ਸਾਂਝ ਵਾਲਾ” ਵਿਸ਼ਿਆਂ ਤੇ ਕੱਢੀ ਨਵੇਕਲੀ ਸੋਚ ਦੀ ਰੈਲੀ ਲਈ ਧੰਨਵਾਦ ਕੀਤਾ
ਇਸ ਮੌਕੇ ਵਿਧਾਇਕ ਮਾਲੇਰਕੋਟਲਾ, ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ ਤੋਂ ਇਲਾਵਾ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਵੱਖ ਵੱਖ ਸਕੂਲੀ ਬੱਚਿਆ ਨੇ ਹਲਫ ਲਿਆ ਕਿ ਅਸੀਂ ਜ਼ਿਲ੍ਹਾ ਮਾਲੇਰਕੋਟਲਾ ਦੇ ਨਿਵਾਸੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਹੁੰ ਖਾਂਦੇ ਹਾਂ ਕਿ ਅਸੀਂ ਜ਼ਿਲਾ ਮਾਲੇਰਕੋਟਲਾ ਨੂੰ ਨਸ਼ਾ ਮੁਕਤ,ਪਲਾਸਟਿਕ ਮੁਕਤ ਬਣਾਕੇ ਰਹਾਂਗੇ ਅਤੇ ਇਸ ਜ਼ਿਲੇ ਦੀ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਾਂਗੇ।






