ਫਿਰੋਜ਼ਾਬਾਦ, 30 ਮਾਰਚ – ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਟੂੰਡਲਾ ਥਾਣਾ ਖੇਤਰ ਦੇ ਟੋਲ ਪਲਾਜ਼ਾ ਕੋਲ ਸੜਕ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲੀਸ ਸੁਪਰਡੈਂਟ (ਐੱਸ. ਐੱਸ. ਪੀ.) ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਹਾਦਸਾ ਬੀਤੀ ਦੇਰ ਰਾਤ ਵਾਪਰਿਆ। ਆਗਰਾ ਮੰਡੀ ਵੱਲ ਜਾ ਰਹੀ ਆਲੂਆਂ ਨਾਲ ਭਰੀ ਇੱਕ ਪਿਕਅੱਪ ਗੱਡੀ ਟਾਇਰ ਪੰਚਰ ਹੋਣ ਕਾਰਨ ਸੜਕ ਕਿਨਾਰੇ ਖੜ੍ਹੀ ਸੀ।
ਵਾਹਨ ਦੇ ਟਾਇਰ ਦੀ ਮੁਰੰਮਤ ਕੀਤੀ ਜਾ ਰਹੀ ਸੀ, ਉਦੋਂ ਤੇਜ਼ ਰਫ਼ਤਾਰ ਕੰਟੇਨਰ ਨੇ ਵਾਹਨ ਨੂੰ ਟੱਕਰ ਮਾਰ ਦਿੱਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਨੇ ਆਗਰਾ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਵਾਹਨ ਦਾ ਮਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੈ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਰਾਮ ਬਹਾਦੁਰ ਉਰਫ਼ ਛੋਟੂ (19), ਰਾਹੁਲ (17), ਵਲੀ ਮੁਹੰਮਦ (18) ਦੇ ਰੂਪ ਵਿੱਚ ਹੋਈ ਹੈ, ਜਦੋਂ ਕਿ 2 ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।






