ਬਠਿੰਡਾ, 04 ਅਪਰੈਲ 2022: ਅੱਜ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਪੰਜਾਬ ਰਾਜ ਮਨਿਸਟਰੀਅਲ ਸਟਾਫ਼ ਯੂਨੀਅਨ ਅਤੇ ਪਟਵਾਰ ਰੈਵਨਿਊ ਯੂਨੀਅਨ ਨੇ ਲੰਬੀ ’ਚ ਕਿਸਾਨਾਂ ਮਜਦੂਰਾਂ ’ਤੇ ਕੀਤੇ ਗਏ ਲਾਠੀਚਾਰਜ ਦਾ ਤੋੜਾ ਮੁਕਤਸਰ ਦੇ ਤੱਤਕਾਲੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ’ਚ ਝਾੜ ਦਿੱਤਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਜ਼ਿਲ੍ਹਾ ਬਠਿੰਡਾ ਜਨਰਲ ਸਕੱਤਰ ਹਰਜਿੰਦਰ ਸਿੰਘ , ਪੰਜਾਬ ਰਾਜ ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਸੂਬਾਈ ਚੇਅਰਮੈਨ ਮੇਘ ਸਿੰਘ ਸਿੱਧੂ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰਾਜਬੀਰ ਸਿੰਘ ਮਾਨ ਅਤੇ ਰੈਵੀਨਿਊ ਪਟਵਾਰ ਯੂਨੀਅਨ ਬਠਿੰਡਾ ਦੇ ਪ੍ਰਧਾਨ ਸੁਖਪ੍ਰੀਤ ਸਿੰਘ ਢਿੱਲੋਂ ਨੇ ਅੱਜ ਮੀਟਿੰਗ ਕੀਤੀ ਹੈ ।
ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਅਤੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਪਿਛਲੇ ਦਿਨੀਂ ਲੰਬੀ ਵਿੱਚ ਕਿਸਾਨਾਂ ਮਜਦੂਰਾਂ ਤੇ ਲਾਠੀਚਾਰਜ ਕੀਤਾ ਸੀ ਉਸ ਦੇ ਸਿੱਧਾ ਜਿੰਮੇਵਾਰ ਡੀਸੀ ਮੁਕਤਸਰ ਹਰਪ੍ਰੀਤ ਸੂਦਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਡਿਪਟੀ ਕਮਿਸ਼ਨਰ ਦਾ ਤਬਾਦਲਾ ਹੋ ਚੁੱਕਾ ਹੈ ਪਰ ਉਸ ਵਕਤ ਉਸ ਨੇ ਮਹਿਕਮੇ ਦੇ ਮੁਲਾਜ਼ਮਾਂ ਨੂੰ ਉਕਸਾ ਕੇ ਕਿਸਾਨਾਂ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਦੱਸਿਆ ਕਿ ਮੁਲਾਜਮ ਹੁਣ ਇਹ ਚਾਲਾਂ ਸਮਝ ਚੁੱਕੇ ਸਨ । ਅੱਜ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਤੇ ਮੁਲਾਜਮਾਂ ਦੀਆਂ ਸਮੱਸਿਆਵਾਂ ਸਾਂਝੀਆਂ ਹਨ ਅਤੇ ਇਨ੍ਹਾਂ ਨੂੰ ਹੱਲ ਕਰਵਾਉਣ ਲਈ ਸਾਂਝੀ ਲੜਾਈ ਦੀ ਲੋੜ ਹੈ ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਪਟਵਾਰੀਆਂ ਦੀਆਂ ਅਸਾਮੀਆਂ ਬਹੁਤ ਵੱਡੀ ਪੱਧਰ ਤੇ ਖਾਲੀ ਪਈਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਮਾਲ ਮਹਿਕਮੇ ਦੇ ਦਫਤਰਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਪ੍ਰੈਸ ਬਿਆਨ ’ਚ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੁੱਲ 4716 ਪਟਵਾਰੀਆਂ ਦੀਆਂ ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਸਿਰਫ 1600 ਪਟਵਾਰੀ ਹੀ ਐਨੇ ਵੱਡੇ ਬੋਝ ਦੀ ਜਿੰਮੇਵਾਰੀ ਨਿਭਾਅ ਰਹੇ ਹਨ । ਦੋਵੇਂ ਜਥੇਬੰਦੀਆਂ ਪਟਵਾਰੀਆਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਤੁਰੰਤ ਭਰਨ ਦੀ ਮੰਗ ਵੀ ਕੀਤੀ ਹੈ । ਮੀਟਿੰਗ ਵਿਚ ਸਾਂਝਾ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਮੁਲਾਜਮਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਮਿਲ ਬੈਠ ਕੇ ਅਤੇ ਸਰਕਾਰਾਂ ਖਿਲਾਫ ਸਾਂਝੇ ਸੰਘਰਸ਼ ਕਰਕੇ ਹੱਲ ਕਰਵਾਇਆ ਜਾਵੇਗਾ।






