ਫ਼ਿਰੋਜ਼ਪੁਰ 6 ਅਪ੍ਰੈਲ 2022 – ਫ਼ਿਰੋਜ਼ਪੁਰ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਪਟਵਾਰੀ ਵਿੱਚ ਰਿਸ਼ਵਤ ਦੇ ਰੂਪ ਚ ਲਏ ਪੈਸੇ ਵਾਪਸ ਕਰਨ ਨੂੰ ਲੈ ਕੇ ਠਣ ਗਈ ਹੈ । ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਪਟਵਾਰੀ ਰਵਿੰਦਰ ਕੋਛੜ ਦੇ ਦਫ਼ਤਰ ਜਾ ਕੇ ਇਕ ਵੀਡੀਓ ਲਾਈਵ ਕੀਤੀ ਗਈ ਸੀ। ਜਿਸ ਵਿੱਚ ਕੁਝ ਕਿਸਾਨਾਂ ਵੱਲੋਂ ਆਪਣੇ ਕੰਮ ਕਰਵਾਉਣ ਦੇ ਬਦਲੇ ਰਵਿੰਦਰ ਕੋਛੜ ਪਟਵਾਰੀ ਨੂੰ ਰਿਸ਼ਵਤ ਦੇ ਰੂਪ ਵਿੱਚ ਪੈਸੇ ਦੇਣ ਦੀ ਗੱਲ ਕਹੀ ਸੀ । ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਪਟਵਾਰੀ ਵੱਲੋਂ ਰਿਸ਼ਵਤ ਦੇ ਰੂਪ ਵਿਚ ਜੋ ਪੈਸੇ ਕਿਸਾਨਾਂ ਕੋਲੋਂ ਲਏ ਗਏ ਹਨ ਉਹ ਉਨ੍ਹਾਂ ਨੂੰ ਵਾਪਸ ਕਰੇ ।
ਇਸ ਬਾਬਤ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਉਕਤ ਪਟਵਾਰੀ ਵੱਲੋਂ ਕਿਸਾਨਾਂ ਦੇ ਕੰਮ ਕਰਨ ਦੇ ਨਾਂ ਤੇ ਰਿਸ਼ਵਤ ਦੇ ਰੂਪ ਵਿੱਚ ਮੋਟੀ ਰਕਮ ਵਸੂਲੀ ਜਾ ਰਹੀ ਸੀ । ਜੋ ਕਿ ਉਨ੍ਹਾਂ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ । ਜਿਸ ਬਾਬਤ ਉਹ ਪਟਵਾਰੀ ਦੇ ਦਫ਼ਤਰ ਜਾ ਕੇ ਉਨ੍ਹਾਂ ਵੱਲੋਂ ਲਾਈਵ ਹੋ ਕੇ ਗੱਲਬਾਤ ਕੀਤੀ ਗਈ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਜਿਸ ਵਿਚ ਪਟਵਾਰੀ ਵੱਲੋਂ ਮੰਨਿਆ ਗਿਆ ਹੈ ਕਿ ਜੋ ਰਿਸ਼ਵਤ ਰੂਪ ਵਿੱਚ ਉਹਨਾਂ ਵੱਲੋਂ ਪੈਸੇ ਲਏ ਗਏ ਹਨ ਉਹ ਪੈਸੇ ਵਾਪਸ ਕਰੇਗਾ ।
ਉਨ੍ਹਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪਟਵਾਰੀ ਕੋਛੜ ਵੱਲੋਂ ਜੋ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਗਈ ਹੈ । ਇਹ ਦੀ ਵੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾ ਸਕੇ ਤੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ । ਦੂਜੇ ਪਾਸੇ ਪਟਵਾਰੀ ਰਵਿੰਦਰ ਕੋਛੜ ਦਾ ਕਹਿਣਾ ਹੈ ਕਿ ਉਸ ਦੇ ਦਫ਼ਤਰ ਕੁਝ ਕਿਸਾਨ ਯੂਨੀਅਨ ਵਾਲੇ ਆਏ ਸਨ ਜਿਨ੍ਹਾਂ ਨੇ ਉਸ ਤੇ ਕਾਫੀ ਦਬਾਅ ਪਾਇਆ ਅਤੇ ਜ਼ਬਰਦਸੀ ਗੱਲਾ ਮਨਵਾਈਆਂ ਜਦ ਕਿ ਉਨ੍ਹਾਂ ਨੇ ਕਦੀ ਵੀ ਕਿਸੇ ਪਾਸੋਂ ਕੋਈ ਰਿਸ਼ਵਤ ਨਹੀਂ ਲਈ। ਉਨ੍ਹਾਂ ਤੇ ਜੋ ਦੋਸ਼ ਲਗਾਏ ਜਾ ਰਹੇ ਨੇ ਉਹ ਝੂਠੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਯੂਨੀਅਨ ਨਾਲ ਗੱਲਬਾਤ ਕਰ ਰਹੇ ।ਉਹ ਇਸ ਪੂਰੇ ਘਟਨਾਕ੍ਰਮ ਬਾਰੇ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇਣਗੇ। ਭ੍ਰਿਸ਼ਟਾਚਾਰ ਨੂੰ ਲੈ ਕੇ ਜਿਸ ਤਰ੍ਹਾਂ ਕਿਸਾਨਾਂ ਅਤੇ ਪਟਵਾਰੀ ਵਿੱਚ ਠਣੀ ਹੈ ਇਕ ਵਾਰ ਫਿਰ ਮਾਹੌਲ ਗਰਮ ਹੋ ਸਕਦਾ ਹੈ । ਦੂਜੇ ਪਾਸੇ ਕਿਸਾਨ ਕਿਸਾਨਾਂ ਦੀ ਲੁੱਟ ਨੂੰ ਖਤਮ ਕਰਨ ਵਾਸਤੇ ਹਰ ਤਰ੍ਹਾਂ ਦਾ ਸੰਘਰਸ਼ ਵਿੱਢਣ ਨੂੰ ਤਿਆਰ ਬੈਠੇ ਹਨ ।






