ਅਮੇਠੀ, 18 ਅਪੈ੍ਰਲ – ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਗੌਰੀਗੰਜ ਖੇਤਰ ਵਿੱਚ ਬਾਬੂਗੰਜ ਸਗਰਾ ਆਸ਼ਰਮ ਕੋਲ ਬਾਰਾਤੀਆਂ ਨਾਲ ਭਰੀ ਇਕ ਜੀਪ ਅਤੇ ਇਕ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ।
ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲੀਸ ਸੁਪਰਡੈਂਟ ਦਿਨੇਸ਼ ਸਿੰਘ ਨੇ ਦੱਸਿਆ ਕਿ ਰਾਏਬਰੇਲੀ ਦੇ ਨਸੀਰਾਬਾਦ ਖੇਤਰ ਤੋਂ ਪਰਤ ਰਹੇ ਬਾਰਾਤੀਆਂ ਦੀ ਤੇਜ਼ ਰਫ਼ਤਾਰ ਜੀਪ ਬੀਤੀ ਰਾਤ 12.15 ਵਜੇ ਗੌਰੀਗੰਜ ਖੇਤਰ ਦੇ ਬਾਬੂਗੰਜ ਸਗਰਾ ਆਸ਼ਰਮ ਕੋਲ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਜ਼ਖ਼ਮੀ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਗੌਰੀਗੰਜ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਚਾਰਾਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਉਨਾਂ ਦੱਸਿਆ ਕਿ ਮਰਨ ਵਾਲੇ ਸਾਰੇ ਲੋਕਾਂ ਦੀ ਪਛਾਣ ਹੋ ਗਈ ਹੈ। ਇਸ ਵਿੱਚ ਕੁੱਲੂ (40), ਉਸ ਦਾ 8 ਸਾਲਾ ਬੇਟਾ ਸੌਰਭ, ਕ੍ਰਿਸ਼ਨ ਕੁਮਾਰ ਸਿੰਘ (30), ਸ਼ਿਵ ਮਿਲਨ, ਰਵੀ ਤਿਵਾੜੀ ਅਤੇ ਤ੍ਰਿਵੇਨੀ ਪ੍ਰਸਾਦ ਸ਼ਾਮਲ ਹਨ।
ਚਸ਼ਮਦੀਦਾਂ ਅਨੁਸਾਰ, ਟੱਕਰ ਇੰਨੀ ਜ਼ੋਰਦਾਰ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ। ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ।






