ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ 4 ਮੰਜ਼ਿਲਾ ਇਮਾਰਤ ‘ਚ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 27 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਲੋਕਾਂ ਨੂੰ ਇਮਾਰਤ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਗੋਵਿੰਦ ਨਾਂ ਦੇ ਵਿਅਕਤੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਹ ਯਸ਼ੋਦਾ ਦੇਵੀ ਦੀ ਭਾਲ ਕਰ ਰਿਹਾ ਹੈ, ਜੋ ਅੱਗਜ਼ਨੀ ਦੀ ਘਟਨਾ ਤੋਂ ਬਾਅਦ ਲਾਪਤਾ ਹੈ। ਗੋਵਿੰਦ ਨੇ ਕਿਹਾ, ‘ਮੈਨੂੰ ਇਕ ਦੋਸਤ ਤੋਂ ਪਤਾ ਲੱਗਾ ਕਿ ਇਮਾਰਤ ਵਿਚ ਅੱਗ ਲੱਗੀ ਹੈ। ਮੈਂ ਤੁਰੰਤ ਇੱਥੇ ਪਹੁੰਚ ਗਿਆ ਅਤੇ ਯਸ਼ੋਦਾ ਨੂੰ ਲੱਭ ਰਿਹਾ ਹਾਂ। ਮੈਂ ਉਸ ਨੂੰ ਹਸਪਤਾਲਾਂ ਵਿੱਚ ਵੀ ਲੱਭਣ ਦੀ ਕੋਸ਼ਿਸ਼ ਕੀਤੀ।
ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਦੀ ਸੂਚਨਾ ਸ਼ਾਮ ਚਾਰ ਵੱਜ ਕੇ 40 ਮਿੰਟ ਵਿੱਚ ਮਿਲੀ। ਇਸ ਮਗਰੋਂ ਫਾਇਰ ਵਿਭਾਗ ਦੀਆਂ 24 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਮੁੰਡਕਾ ਮੈਟਰੋ ਸਟੇਸ਼ਨ ਦੇ ਪਿੱਲਰ ਨੰਬਰ 544 ਕੋਲ ਸਥਿਤ ਇਮਾਰਤ ਨੂੰ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਹੈ। ਜਿਸ ਇਮਾਰਤ ਵਿੱਚ ਅੱਗ ਲੱਗੀ ਹੈ ਉਸ ਵਿੱਚ ਹੋਰ ਲੋਕਾਂ ਦੇ ਫ਼ਸੇ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਇਮਾਰਤ ਵਿੱਚੋਂ 60-70 ਵਿਅਕਤੀਆਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਕੁੱਝ ਲੋਕ ਅੰਦਰ ਫਸੇ ਹੋਏ ਹਨ।
ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਇਮਾਰਤ ਵਿੱਚ ਫਸੇ ਲੋਕਾਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਉਪ ਪੁਲਿਸ ਅਧਿਕਾਰੀ ਡੀਸੀਪੀ ਸਮੀਰ ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਤਿੰਨ ਮੰਜ਼ਿਲਾ ਕਮਰਸ਼ੀਅਲ ਇਮਾਰਤ ਵਿੱਚ ਕੰਪਨੀਆਂ ਦੇ ਦਫ਼ਤਰ ਹਨ। ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਲੱਗਣੀ ਸ਼ੁਰੂ ਹੋਈ। ਜਿੱਥੇ ਸੀਸੀਟੀਵੀ ਕੈਮਰਾ ਅਤੇ ਰਾਊਟਰ ਨਿਰਮਾਤਾ ਕੰਪਨੀ ਦਾ ਦਫ਼ਤਰ ਹੈ।
ਪੁਲਿਸ ਨੇ ਕਿਹਾ ਕਿ ਕੰਪਨੀ ਦਾ ਨਿਰਮਾਤਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਡਕਾ ਅਗਨੀ ਕਾਂਡ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਵਾਰਿਸਾਂ ਲਈ 2-2 ਲੱਖ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।






