ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 66 ਕੇ ਵੀ ਗਰਿੱਡ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਅੱਗ ਦੀਆਂ ਵੱਡੀਆਂ ਵੱਡੀਆਂ ਲਪਟਾਂ ਨਿਕਲਣ ਲੱਗ ਗਈਆਂ। ਇਸ ਗਰਿੱਡ ਦੀ ਸਪਲਾਈ ਮੁਲਾਜ਼ਮਾਂ ਦੇ ਰਿਹਾਇਸ਼ੀ ਖੇਤਰ ਨੂੰ ਜਾਂਦੀ ਹੈ ਜੋ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਗਰਿੱਡ ਵਿਚ ਕਿਸੇ ਮੁਲਾਜ਼ਮ ਦੀ ਕੋਈ ਡਿਊਟੀ ਨਹੀਂ ਹੈ। ਜਦੋਂ ਕਿ ਗਰਿੱਡ ਵਿਚ ਚਾਰ ਸ਼ਿਫਟਾਂ ਤੇ ਏ ਬੀ ਸੀ ਡੀ ਮੁਲਾਜ਼ਮਾਂ ਦੀ ਡਿਊਟੀ ਬਣਦੀ ਹੈ ਅਤੇ ਜਰਨਲ ਸ਼ਿਫਟ ਵਿਚ 9 ਤੋਂ 5 ਮੁਲਾਜ਼ਮ ਦੀ ਡਿਊਟੀ ਬਣਦੀ ਹੈ। ਗਰਿੱਡ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਪਿਛਲੇ ਦੋ ਸਾਲਾਂ ਤੋਂ ਗੇਟ ਨੂੰ ਜਿੰਦਰਾ ਲੱਗਿਆ ਹੋਇਆ ਹੈ ਅਗਰ ਕੋਈ ਫਾਲਟ ਪੈ ਜਾਵੇ ਤਾਂ ਮੇਨ ਪਲਾਂਟ ਵਿੱਚੋਂ ਮੁਲਾਜ਼ਮ ਆ ਕੇ ਠੀਕ ਕਰਦਾ ਹੈ। ਬੀਤੇ ਦਿਨੀਂ ਥਰਮਲ ਪਲਾਂਟ ਦੇ ਰਾਖ ਵਾਲੇ ਪਲਾਂਟ ਦੇ ਟੁੱਟ ਜਾਣ ਕਾਰਨ ਸੀਐਮਡੀ ਬਲਦੇਵ ਸਿੰਘ ਸਰਾਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਇਸ ਦੌਰਾਨ ਉਨ੍ਹਾਂ ਨਾਲ ਮੁਲਾਜ਼ਮਾਂ ਦੀ ਘਾਟ ਸਬੰਧੀ ਗੱਲ ਵੀ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਸਾਫ ਇਨਕਾਰ ਕੀਤਾ ਸੀ ਤੇ ਕਿਹਾ ਸੀ ਕਿ ਮੁਲਾਜ਼ਮਾਂ ਦੀ ਕੋਈ ਘਾਟ ਨਹੀਂ। ਜ਼ਿਕਰਯੋਗ ਹੈ ਕਿ ਥਰਮਲ ਵਿੱਚ ਧਮਾਕੇ ਕਾਰਨ ਪਹਿਲਾਂ ਹੀ ਦੋ ਯੂਨਿਟ ਬੰਦ ਹੋ ਗਏ ਸਨ ਜਦੋਂਕਿ ਹੁਣ ਤੀਜਾ ਯੂਨਿਟ ਅੱਜ ਬੰਦ ਹੋ ਗਿਆ ਹੈ ਜਿਸ ਕਾਰਨ ਸੂਬੇ ਅੰਦਰ ਬਿਜਲੀ ਦੀ ਕਮੀ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ।






