ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਡੇਰਾਬਸੀ ਹਲਕੇ ਦੇ ਪਿੰਡ ਸੁੰਡਰਾਂ ਵਿਚ ਝੁੱਗੀਆਂ ਨੂੰ ਸਾੜਨ ਤੇ ਇਕ ਬੱਚੀ ਨੂੰ ਵਿੱਚੇ ਹੀ ਜ਼ਿੰਦਾ ਜਲਾ ਦਿੱਤੀ ਜਾਣ ਦੀ ਘਟਨਾ ਦੀ ਪਡ਼ਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਜਿਸ ਪਰਿਵਾਰ ਦੀ ਬੱਚੀ ਦੀ ਮੌਤ ਹੋਈ ਹੈ, ਉਸ ਨੂੰ ਪੰਜਾਬ ਸਰਕਾਰ ਵੱਲੋਂ ਪੰਦਰਾਂ ਲੱਖ ਰੁਪਏ ਦੀ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇ।
ਜਥੇਬੰਦੀ ਨੇ ਜਮਹੂਰੀ ਅਧਿਕਾਰ ਸਭਾ ਦੀ ਚੰਡੀਗੜ੍ਹ ਇਕਾਈ ਵੱਲੋਂ ਇਸ ਘਟਨਾ ਪਿਛਲੇ ਸੱਚ ਨੂੰ ਸਾਹਮਣੇ ਲਿਆਉਣ ਲਈ ਪੜਤਾਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸਦੇ ਨਾਲ ਹੀ ਜਥੇਬੰਦੀ ਨੇ ਸਮਾਜ ਦੇ ਬੁੱਧੀਜੀਵੀ ਤੇ ਜਮਹੂਰੀ ਤੇ ਹੋਰ ਵੱਖ ਵੱਖ ਵਰਗਾਂ ਦੇ ਹਿੱਸਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਰਾਹੀਂ ਸਮੁੱਚੀ ਕਿਸਾਨੀ ਨੂੰ ਦੋਸ਼ੀ ਗਰਦਾਨਣ ਤੋਂ ਪ੍ਰਹੇਜ਼ ਕਰਨ। ਵਾਤਾਵਰਨ ਦੀ ਰਾਖੀ ਲਈ ਸਰੋਕਾਰਾਂ ਦਾ ਘੇਰਾ ਵਿਸ਼ਾਲ ਕਰਦਿਆਂ ਲੋਕਾਂ ‘ਚ ਚੇਤਨਾ ਫੈਲਾਉਣ ਅਤੇ ਰਾਖੀ ਲਈ ਬਣਦੀਆਂ ਮੰਗਾਂ ‘ਤੇ ਸਾਂਝੇ ਸੰਘਰਸ਼ ਜਥੇਬੰਦ ਕਰਨ ਵਿਚ ਹਿੱਸਾ ਪਾਉਣ।
ਦੱਸ ਦੇਈਏ ਕਿ ਡੇਰਾਬੱਸੀ ਦੇ ਪਿੰਡ ਸੁੰਦਰਾ ‘ਚ ਸ਼ਾਮਲਾਟ ਜ਼ਮੀਨ ‘ਤੇ 40 ਦੇ ਕਰੀਬ ਨਾਜਾਇਜ਼ ਝੌਂਪੜੀਆਂ ਨੂੰ ਅੱਗ ਲੱਗਣ ਕਾਰਨ ਸ਼ਨੀਵਾਰ ਨੂੰ 18 ਮਹੀਨਿਆਂ ਦੀ ਬੱਚੀ ਝੁਲਸ ਗਈ। ਘਟਨਾ ਤੋਂ ਇੱਕ ਦਿਨ ਬਾਅਦ ਪੁਲੀਸ ਨੇ ਨਾੜ ਸਾੜਨ ਦੇ ਦੋਸ਼ ਵਿੱਚ ਜ਼ਮੀਨ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਨਦੀ ਦੇ ਕਿਨਾਰੇ ਸ਼ਾਮਲਾਟ ਜ਼ਮੀਨ ‘ਤੇ ਪਿਛਲੇ 25 ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਝੋਪੜੀਆਂ ਬਣੀਆਂ ਹਨ। ਇੱਥੋਂ ਦੇ ਪਰਿਵਾਰ ਜ਼ਿਆਦਾਤਰ ਉੱਤਰ ਪ੍ਰਦੇਸ਼ ਤੋਂ ਆਏ ਪਰਵਾਸੀ ਮਜ਼ਦੂਰ ਹਨ ਅਤੇ ਨੇੜਲੇ ਖੇਤਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਦੇ ਹਨ।






