ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਵਿਜੇ ਸਿੰਗਲਾ ਨੂੰ 27 ਮਈ ਤੱਕ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ
ਦੱਸ ਦਈਏ ਕਿ ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ (Health Minister Vijay Singla) ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਸੀ। ਨਾਲ ਹੀ ਪੁਲਿਸ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਪਿੱਛੋਂ ਪੁਲਿਸ ਨੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ। ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਬਾਅਦ ਵਿਚ ਸਿੰਗਲਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ 27 ਮਈ ਤੱਕ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।
ਉਧਰ, ਇਹ ਮੰਤਰੀ ਕਿਵੇਂ ਅੜਿੱਕੇ ਆਇਆ, ਹੁਣ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਟੈਂਡਰਾਂ ਬਦਲੇ ਕਮਿਸ਼ਨ ਮੰਗਣ ਦੀ ਸ਼ਿਕਾਇਤ 10 ਦਿਨ ਪਹਿਲਾਂ ਆਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਹੁਕਮਾਂ ਉਤੇ ਇਕ ਸਟਿੰਗ ਆਪਰੇਸ਼ਨ ਹੋਇਆ ਸੀ। ਇੱਕ ਅਧਿਕਾਰੀ ਨੇ ਤਕਰੀਬਨ ਦਸ ਦਿਨ ਪਹਿਲਾਂ ਮੁੱਖ ਮੰਤਰੀ ਦਫ਼ਤਰ ਨੂੰ ਵਿਜੇ ਸਿੰਗਲਾ ਦੁਆਰਾ ਕੀਤੇ ਜਾ ਰਹੇ ਕਥਿਤ ਭ੍ਰਿਸ਼ਟਾਚਾਰ ਦੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਗਲਾ ਨੂੰ ਬਰਖਾਸਤ ਕਰਦੇ ਹੋਏ ਕਿਹਾ ਕਿ ਮੈਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ। ਜੋ ਇਹ ਕੰਮ ਕਰ ਰਹੇ ਹਨ, ਉਹ ਬਾਜ਼ ਆ ਜਾਣ। ਉਨ੍ਹਾਂ ਕਿਹਾ ਕਿ ਮੈਂ ਕੈਬਨਿਟ ਮੰਤਰੀ ਨੂੰ ਤੁਰਤ ਅਹੁਦੇ ਤੋਂ ਬਾਹਰ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਮੰਤਰੀ ਖਿਲਾਫ ਕੇਸ ਦਾ ਸਿਰਫ ਮੈਨੂੰ ਹੀ ਪਤਾ ਸੀ। ਮੈਂ ਇਸ ਕੇਸ ਨੂੰ ਦਬਾ ਸਕਦਾ ਸੀ ਪਰ ਮੈਂ ਅਜਿਹਾ ਨਹੀਂ ਕੀਤਾ। ਮੈਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਸਹੁੰ ਖਾਧੀ ਸੀ। ਇਸ ਲਈ ਮੈਂ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਰਦਾਸ਼ਤ ਨਹੀਂ ਕਰਾਂਗਾ।






