ਮੀਂਹ ਤੇ ਬਰਫਬਾਰੀ ਨੇ ਦੂਜੇ ਦਿਨ ਵੀ ਚਾਰਧਾਮ ਯਾਤਰਾ ’ਚ ਅਡ਼ਿੱਕਾ ਡਾਹਿਆ। ਪੈਦਲ ਟਰੈਕ ’ਤੇ ਸੱਟਣ ਲੱਗਣ ਦੇ ਡਰ ਨੂੰ ਭਾਂਪਦਿਆਂ ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੀ ਯਾਤਰਾ ਮੰਗਲਵਾਰ ਨੂੰ ਅੱਧੇ ਦਿਨ ਹੀ ਚੱਲ ਸਕੀ। ਇਨ੍ਹਾਂ ਧਾਮਾਂ ’ਚ ਦਰਸ਼ਨ ਲਈ ਜਾਣ ਵਾਲੇ ਲਗਪਗ 12 ਹਜ਼ਾਰ ਸ਼ਰਧਾਲੂਆਂ ਨੂੰ ਰੋਕਿਆ ਗਿਆ ਹੈ। ਇਨ੍ਹਾਂ ਨੂੰ ਬੁੱਧਵਾਰ ਸਵੇਰੇ ਅੱਗੇ ਦੀ ਯਾਤਰਾ ਲਈ ਰਵਾਨਾ ਕੀਤਾ ਜਾਵੇਗਾ। ਬਦਰੀਨਾਥ ਧਾਮ ਤੇ ਗੰਗੋਤਰੀ ਦੀ ਯਾਤਰਾ ਸੁਚਾਰੂ ਰਹੀ।
ਧੁੰਦ ਕਾਰਨ ਕੇਦਾਰਨਾਥ ਧਾਮ ਲਈ ਹਵਾਈ ਸੇਵਾਵਾਂ ਵੀ ਪੂਰੇ ਦਿਨ ਠੱਪ ਰਹੀਆਂ। ਸਵੇਰ ਦੇ ਸਮੇਂ ਕੇਵਲ ਤਿੰਨ ਹੀ ਉਡਾਣਾਂ ਹੀ ਉਡਾਣ ਭਰ ਸਕੀਆਂ। ਸਹਾਇਕ ਨੋਡਲ ਅਧਿਕਾਰੀ ਸੁਰਿੰਦਰ ਸਿੰਘ ਪਵਾਰ ਮੁਤਾਬਕ ਕੇਦਾਰਨਾਥ ਲਈ ਰੋਜ਼ਾਨਾ ਤਿੰਨ ਸੌ ਤੋਂ ਵੱਧ ਉਡਾਣਾਂ ਹੁੰਦੀਆਂ ਹਨ। ਇਨ੍ਹਾਂ ਜ਼ਰੀਏ ਲਗਪਗ ਦੋ ਹਜ਼ਾਰ ਸ਼ਰਧਾਲੂ ਧਾਮ ਪਹੁੰਚਦੇ ਹਨ। ਮੀਂਹ ਕਾਰਨ ਯਾਤਰਾ ਮਾਰਗਾਂ ’ਤੇ ਸ਼ਰਧਾਲੂਆਂ ਨੂੰ ਪਰੇਸ਼ਾਨੀ ਆ ਰਹੀ ਹੈ। ਬਾਵਜੂਦ ਇਸ ਦੇ ਸ਼ਰਧਾ ਕਾਰਨ ਹਰ ਦਿਨ ਹਜ਼ਾਰਾਂ ਲੋਕ ਅੱਗੇ ਵਧ ਰਹੇ ਹਨ। ਦੋ ਦਿਨਾਂ ਤੋਂ ਬਾਰਸ਼ ਦਾ ਯਾਤਰਾ ’ਤੇ ਅਸਰ ਦੇਖਿਆ ਜਾ ਰਿਹਾ ਹੈ। ਸ਼ਰਧਾਲੂਆਂ ਦੀ ਗਿਣਤੀ ਵੀ ਕੁਝ ਘੱਟ ਹੋਈ ਹੈ। ਕੇਦਾਰਨਾਥ ਧਾਮ ’ਚ ਸਵੇਰੇ ਨੌਂ ਵਜੇ ਬਾਰਸ਼ ਅਤੇ ਬਰਫਬਾਰੀ ਸ਼ੁਰੂ ਹੋਈ ਜੋ ਦੁਪਹਿਰ ਇਕ ਵਜੇ ਤਕ ਚੱਲੀ। ਸਵੇਰੇ ਵੱਖ-ਵੱਖ ਪਡ਼ਾਵਾਂ ਵਿਚ ਲਗਪਗ ਦਸ ਹਜ਼ਾਰ ਸ਼ਰਧਾਲੂਆਂ ਨੂੰ ਧਾਮ ਲਈ ਰਵਾਨਾ ਕੀਤਾ ਗਿਆ ਪਰ ਬਾਰਸ਼ ਨੂੰ ਦੇਖਦੇ ਹੋਏ ਦੁਪਹਿਰ 12 ਵਜੇ ਅੱਠ ਹਜ਼ਾਰ ਯਾਤਰੀਆਂ ਨੂੰ ਪਡ਼ਾਅ ’ਤੇ ਹੀ ਰੋਕ ਦਿੱਤਾ ਗਿਆ।






