ਸਟੇਟ ਬਿਊਰੋ, ਚੰਡੀਗਡ਼੍ਹ : ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ’ਤੇ ਕਾਰਵਾਈ ਕਰਨ ਪਿੱਛੋਂ ਪੰਜਾਬ ਸਰਕਾਰ ਦੀ ਨਜ਼ਰ ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਸਿੰਚਾਈ ਵਿਭਾਗ ਦੇ ਘੁਟਾਲੇ ’ਤੇ ਟਿਕ ਗਈ ਹੈ। 5000 ਕਰੋਡ਼ ਰੁਪਏ ਦੇ ਇਸ ਘੁਟਾਲੇ ਦੀ ਜਾਂਚ ਵਿਜੀਲੈਂਸ ਬਿਊਰੋ ਕਰ ਰਹੀ ਹੈ ਪਰ ਲੰਬੇ ਸਮੇਂ ਤੋਂ ਇਹ ਠੰਢੇ ਬਸਤੇ ’ਚ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਸਿੰਚਾਈ ਘੁਟਾਲੇ ਦੀ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਧਿਆਨ ਰਹੇ ਕਿ ਪੰਜਾਬ ’ਚ ਕੈਪਟਨ ਸਰਕਾਰ ਬਣਨ ਪਿੱਛੋਂ ਸਿੰਚਾਈ ਵਿਭਾਗ ’ਚ ਟੈਂਡਰਾਂ ਦੀ ਅਲਾਟਮੈਂਟ ’ਚ ਹੋਏ ਘੁਟਾਲੇ ਦੇ ਦੋਸ਼ਾਂ ’ਚ ਦੋ ਅਧਿਕਾਰੀਆਂ ਤੇ ਚਾਰ ਸੇਵਾ ਮੁਕਤ ਅਫਸਰਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਬਿਊਰੋ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਮਾਮਲੇ ’ਚ ਨਾਮਜ਼ਦ ਕੀਤੇ ਗਏ ਗੁਰਿੰਦਰ ਸਿੰਘ ਠੇਕੇਦਾਰ ਨੇ ਚੰਡੀਗਡ਼੍ਹ, ਮੁਹਾਲੀ, ਲੁਧਿਆਣਾ, ਪਟਿਆਲਾ ਤੇ ਨੋਇਡਾ ’ਚ 100 ਕਰੋਡ਼ ਦੀਆਂ 30 ਤੋਂ ਜ਼ਿਆਦਾ ਜਾਇਦਾਦਾਂ ਬਣਾਈਆਂ ਹਨ।
ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਸਰਕਾਰ ਦੌਰਾਨ ਇਸ ਮਾਮਲੇ ’ਚ ਜਾਂਚ-ਪਡ਼ਤਾਲ ਦੌਰਾਨ ਜੋ ਤੱਥ ਸਾਹਮਣੇ ਆਏ ਸਨ ਉਨ੍ਹਾਂ ਦੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਗਈ ਸੀ। ਇਸ ਰਿਪੋਰਟ ’ਚ ਸੇਵਾ ਮੁਕਤ ਆਈਏਐੱਸ ਅਧਿਕਾਰੀਆਂ ਦੇ ਬੱਚਿਆਂ ਦਾ ਨਾਂ ਵੀ ਸਾਹਮਣੇ ਆਇਆ ਸੀ। ਉਧਰ ਹੁਣ ਮੌਜੂਦਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਵਿਜੀਲੈਂਸ ਦੀ ਜਾਂਚ ਠੇਕੇਦਾਰ ਤੇ ਅਧਿਕਾਰੀਆਂ ਦੇ ਆਲੇ-ਦੁਆਲੇ ਦੀ ਘੁੰਮਦੀ ਰਹੀ ਹੈ। ਹੁਣ ਇਸ ਗੱਲ ਦੀ ਪੁਣ-ਛਾਣ ਕੀਤੀ ਜਾ ਰਹੀ ਹੈ ਕਿ ਕੀ ਇਸ ਮਾਮਲੇ ’ਚ ਸਾਬਕਾ ਮੰਤਰੀ ਵੀ ਸ਼ਾਮਲ ਰਹੇ ਹਨ।
ਮਾਨ ਸਰਕਾਰ ਵੱਲੋਂ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਦੋ ਫ਼ੀਸਦੀ ਕਮਿਸ਼ਨ ਲੈਣ ਦੇ ਦੋਸ਼ ’ਚ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਪਿੱਛੋਂ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ‘ਆਪ’ ਸਰਕਾਰ ਅਕਾਲੀ ਦਲ ਤੇ ਕਾਂਗਰਸ ਸਰਕਾਰ ਦੌਰਾਨ ਹੋਏ ਘੁਟਾਲਿਆਂ ਨੂੰ ਵੀ ਖੋਲ੍ਹ ਸਕਦੀ ਹੈ ਤਾਂ ਜੋ ਲੋਕਾਂ ’ਚ ਸਰਕਾਰ ਪ੍ਰਤੀ ਹਾਂ-ਪੱਖੀ ਸੰਦੇਸ਼ ਜਾਵੇ।
ਇਹ ਅਫਸਰ ਤੇ ਮੁਲਾਜ਼ਮ ਕੀਤੇ ਗਏ ਸਨ ਨਾਮਜ਼ਦ
ਮਾਮਲੇ ’ਚ ਐਕਸੀਅਨ ਗੁਲਸ਼ਨ ਨਾਗਪਾਲ, ਚੀਫ ਇੰਜੀਨੀਅਰ ਸੇਵਾ ਮੁਕਤ ਪਰਮਜੀਤ ਸਿੰਘ ਘੁੰਮਣ, ਐਕਸੀਅਨ ਬਜਰੰਗ ਲਾਲ ਸਿੰਗਲਾ, ਚੀਫ ਇੰਡੀਨੀਅਰ ਸੇਵਾ ਮੁਕਤ ਹਰਵਿੰਦਰ ਸਿੰਘ, ਐੱਸਡੀਓ ਸੇਵਾ ਮੁਕਤ ਕਮਿੰਦਰ ਸਿੰਘ ਦਿਓਲ, ਚੀਫ ਇੰਜੀਨੀਅਰ ਸੇਵਾ ਮੁਕਤ ਗੁਰਦੇਵ ਸਿੰਘ ਤੇ ਸੁਪਰਵਾਈਜ਼ਰ ਵਿਮਲ ਕੁਮਾਰ ਸ਼ਰਮਾ ਸਮੇਤ ਸਿੰਚਾਈ ਵਿਭਾਗ ਦੇ ਕਈ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਸ ਘੁਟਾਲੇ ’ਚ ਨਾਮਜ਼ਦ ਕੀਤਾ ਗਿਆ ਸੀ।
ਈਡੀ ਅਟੈਚ ਕਰ ਚੁੱਕੀ ਹੈ ਗੁਰਿੰਦਰ ਸਿੰਘ ਦੀ ਜਾਇਦਾਦ
ਦੱਸਣਯੋਗ ਹੈ ਕਿ ਈਡੀ ਇਸ ਬਹੁਕਰੋਡ਼ ਸਿੰਚਾਈ ਘੁਟਾਲੇ ਦੇ ‘ਕਿੰਗਪਿਨ’ ਗੁਰਿਦਰ ਸਿੰਘ ਠੇਕੇਦਾਰ ਦੀ 42 ਕਰੋਡ਼ ਰੁਪਏ ਦੀ ਜਾਇਜਾਦ ਅਟੈਚ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕਈ ਸਿਆਸਤਦਾਨਾਂ ’ਤੇ ਵੀ ਜਾਂਚ ਏਜੰਸੀਆਂ ਦੀ ਬਾਜ਼ ਅੱਖ ਹੈ। ਇਸ ਮਾਮਲੇ ’ਚ ਕਈ ਵੱਡੀਆਂ ਮੱਛੀਆਂ ਦੇ ਫਸਣ ਦੀ ਸੰਭਾਵਨਾ ਹੈ।






