ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਦੀਆਂ ਮੁਸ਼ਕਿਲਾਂ ਜਲਦੀ ਵਧ ਸਕਦੀਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਨੈਸ਼ਨਲ ਕਾਨਫਰੰਸ ਦੇ ਆਗੂ ਨੂੰ ਸੰਮਨ ਜਾਰੀ ਕੀਤਾ ਹੈ। ਅਬਦੁੱਲਾ ਨੂੰ 31 ਮਈ ਨੂੰ ਦਿੱਲੀ ਹੈੱਡਕੁਆਰਟਰ ਵਿਖੇ ਜਾਂਚਕਰਤਾਵਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਈਡੀ ਨੇ ਅਬਦੁੱਲਾ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ।
ਜੇਕੇਸੀਏ ‘ਚ ਵਿੱਤੀ ਬੇਨਿਯਮੀਆਂ ਦਾ ਮਾਮਲਾ
ਜਾਣਕਾਰੀ ਮੁਤਾਬਕ ਇਹ ਪੁੱਛਗਿੱਛ ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇਕੇਸੀਏ) ‘ਚ ਕਥਿਤ ਵਿੱਤੀ ਬੇਨਿਯਮੀਆਂ ਦੇ ਇਕ ਮਾਮਲੇ ਦੇ ਸਬੰਧ ‘ਚ ਦੱਸੀ ਜਾ ਰਹੀ ਹੈ, ਜਿਸ ਦੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਾਰੂਕ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ 31 ਮਈ ਨੂੰ ਇੱਥੇ ਮੁੱਖ ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।
11.86 ਕਰੋੜ ਦੀ ਜਾਇਦਾਦ ਕੁਰਕ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 2020 ਵਿੱਚ ਇਸ ਮਾਮਲੇ ਵਿੱਚ ਅਬਦੁੱਲਾ ਦੀ 11.86 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। 84 ਸਾਲਾ ਐਨਸੀ ਆਗੂ ਤੋਂ ਇਸ ਮਾਮਲੇ ਵਿੱਚ ਈਡੀ ਵੱਲੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਈਡੀ ਨੇ ਦੋਸ਼ ਲਾਇਆ ਸੀ ਕਿ ਅਬਦੁੱਲਾ ਨੇ ਅਤੀਤ ਵਿੱਚ ਜੇਕੇਸੀਏ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦੀ “ਦੁਰਵਰਤੋਂ” ਕੀਤੀ ਅਤੇ ਖੇਡ ਸੰਸਥਾ ਵਿੱਚ ਨਿਯੁਕਤੀਆਂ ਕੀਤੀਆਂ ਤਾਂ ਜੋ ਬੀਸੀਸੀਆਈ ਸਪਾਂਸਰਡ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਸਕੇ।






