ਪੁਲਿਸ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਦਿੱਲੀ ਅਤੇ ਉੱਤਰਾਖੰਡ ਪੁਲਿਸ ਨਾਲ ਮਿਲ ਕੇ ਇਕ ਅਪਰੇਸ਼ਨ ਤਹਿਤ ਵੱਡੀ ਲੀਡ ਹਾਸਿਲ ਕੀਤੀ ਹੈ। ਪੁਲਿਸ ਨੇ ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਦੇਹਰਾਦੂਨ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਗੱਡੀ ਦਾ ਪਿੱਛਾ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਸਥਾਨਕ ਪੁਲਿਸ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਪੰਜਾਬ ਪੁਲਿਸ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਗਈ ਹੈ।
ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਪੁਲਿਸ ਨੌਜਵਾਨਾਂ ਦੀ ਗੱਡੀ ਨੂੰ ਘੇਰ ਕੇ ਹਿਰਾਸਤ ਵਿਚ ਲੈ ਰਹੀ ਹੈ। ਪੰਜਾਬ ਪੁਲਿਸ ਇਕ ਗੱਡੀ ਦਾ ਪਿੱਛਾ ਕਰਦੇ ਹੋਏ ਇਥੇ ਪਹੁੰਚੀ ਸੀ। ਪੁਲਿਸ ਨੇ ਗੱਡੀ ਨੂੰ ਘੇਰ ਕੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤੇ ਹਿਰਾਸਤ ਵਿਚ ਲੈ ਲਿਆ ਹੈ।
ਇਨ੍ਹਾਂ ਸਭ ਵਿਚ ਸ਼ਾਮਲ ਇਕ ਸਿੱਖ ਨੌਜਵਾਨ ‘ਤੇ ਇਸ ਕਤਲ ਦੀ ਸਾਜ਼ਿਸ਼ ਦਾ ਸ਼ੱਕ ਹੈ ਕਿਉਂਕਿ ਨੌਜਵਾਨ ਨੇ ਕਥਿਤ ਤੌਰ ਉਤੇ ਕੁਝ ਦਿਨ ਪਹਿਲਾਂ ਉਸੇ ਗੱਡੀ ਦੀ ਵਰਤੋਂ ਕੀਤੀ ਸੀ ਜਿਸ ਵਿਚ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਨੇ ਮੁਲਜ਼ਮਾਂ ਨੂੰ ਲੌਜਿਸਟਿਕ ਸਪੋਰਟ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਹੇਮਕੁੰਟ ਆਇਆ ਸੀ। ਹਿਰਾਸਤ ਵਿੱਚ ਲਏ ਗਏ ਇਸ ਵਿਅਕਤੀ ਦਾ ਅਪਰਾਧਿਕ ਹਿਸਟਰੀ ਹੈ।
ਗੱਡੀ ਵਿਚ ਸਵਾਰ ਪੰਜ ਵਿਅਕਤੀਆਂ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ | ਦੇਹਰਾਦੂਨ ਪੁਲਿਸ ਨਾਲ ਮਿਲ ਕੇ ਕੀਤਾ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਧਰ, ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿੱਚ ਸੱਤ ਜਣੇ ਆਏ ਸਨ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿੱਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ।
ਇਸ ਤੋਂ ਬਾਅਦ ਦੋਵਾਂ ਕਾਰਾਂ ਵਿੱਚੋਂ ਸੱਤ ਜਣੇ ਬਾਹਰ ਆਏ ਤੇ ਇੱਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ’ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ। ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਇਹ ਖੁਲਾਸਾ ਘਟਨਾ ਦੇ ਚਸ਼ਮਦੀਦ ਨੇ ਕੀਤਾ ਹੈ।






