ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੇ ਅਮਨ-ਕਾਨੂੰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਵਿਚਾਰ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ।
ਮਾਨ, ਇੱਥੇ ਪਿੰਡ ਕਲੇਰਾ ਵਿਚ ਸੰਤ ਬਾਬਾ ਜਗਜੀਤ ਸਿੰਘ ਕਲੇਰਾ ਦੀ ਮਾਤਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮਾਨ ਨੇ ਕਿਹਾ ਕਿ ਸੂਬੇ ਦਾ ਵਪਾਰੀ ਵਰਗ ਆਪਣੇ ਆਪ ਨੂੰ ਡਰ ਦੇ ਮਾਹੌਲ ਵਿਚ ਦੇਖ ਰਿਹਾ ਹੈ, ਇਸ ਲਈ ਸਰਕਾਰ ਨੂੰ ਜ਼ਿਲ੍ਹੇ ਦੇ ਡੀਸੀ ਤੇ ਐੱਸਐੱਸਪੀ ਨੂੰ ਹਦਾਇਤਾਂ ਕਰ ਕੇ ਵਪਾਰੀ ਤਬਕੇ ਦਾ ਡਰ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਕੌਮਾਂਤਰੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਕਤਲ ਪੰਜਾਬ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ ਕਿਉਂਕਿ ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਨੂੰ ਪਤਾ ਸੀ ਕਿ ਮੂਸੇਵਾਲਾ ‘ਤੇ ਹਮਲਾ ਹੋ ਸਕਦਾ ਹੈ ਜਦਕਿ ਹਾਕਮਾਂ ਨੇ ਉਸ ਦੀ ਸਕਿਓਰਟੀ ਵਧਾਉਣ ਦੀ ਜਗਾ ਘਟਾ ਦਿੱਤੀ। ਸੰਗਰੂਰ ਜ਼ਿਮਨੀ ਚੋਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ (ਬਾਦਲ) ਉਨ੍ਹਾਂ ਦੀ ਮਦਦ ਕਰਦਾ ਹੈ ਤਾਂ ਕੋਈ ਇਤਰਾਜ਼ ਨਹੀ ਹੈ ਕਿਉਂਕਿ ਉਹ ਉਮੀਦਵਾਰ ਹਨ ਤੇ ਹਰੇਕ ਤੋਂ ਵੋਟ ਮੰਗਣਗੇ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਸਲੇਮਪੁਰ, ਅਮਰਜੀਤ ਸਿੰਘ ਤੇ ਹੋਰ ਆਗੂ ਮੌਜੂਦ ਸਨ।






