ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਨਾਲ ਸਬੰਧਤ ਇੱਕ ਵੀਡੀਓ ਹਰਿਆਣਾ ਦੇ ਫਤਿਹਾਬਾਦ ਤੋਂ ਸਾਹਮਣੇ ਆਈ ਹੈ, ਇਹ ਸੀਸੀਟੀਵੀ ਫੁਟੇਜ ਉਥੋਂ ਦੇ ਇੱਕ ਪੈਟਰੋਲ ਪੰਪ ਦੀ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੱਕੀ ਇੱਕ ਬੋਲੈਰੋ ਗੱਡੀ ਵਿੱਚ ਸਵਾਰ ਸਨ। ਸੋਨੀਪਤ ਦੇ ਰਹਿਣ ਵਾਲੇ ਦੋ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਦੀ ਪਛਾਣ ਹੋ ਗਈ ਹੈ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਤਲ ਲਈ ਹਮਲਾਵਰਾਂ ਨੇ ਇਸੇ ਵਾਹਨ ਦੀ ਵਰਤੋਂ ਕੀਤੀ ਸੀ। ਫੁਟੇਜ ਫਤਿਹਾਬਾਦ ਦੇ ਪਿੰਡ ਬਿਸਲਾ ਸਥਿਤ ਇੱਕ ਪੈਟਰੋਲ ਪੰਪ ਦੀ ਹੈ, ਜਿੱਥੇ ਸ਼ੱਕੀ ਵਿਅਕਤੀਆਂ ਨੇ ਗੱਡੀ ਵਿੱਚ ਪੈਟਰੋਲ ਭਰਵਾਇਆ ਸੀ।
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ‘ਚ ਬੋਲੈਰੋ ਨੂੰ ਪੈਟਰੋਲ ਪੰਪ ‘ਤੇ ਤੇਲ ਲੈਣ ਲਈ ਰੋਕਿਆ ਗਿਆ ਹੈ। ਕਾਰ ਤੋਂ ਹੇਠਾਂ ਉਤਰਨ ਵਾਲੇ ਦੋਵੇਂ ਨੌਜਵਾਨ ਸੋਨੀਪਤ ਦੇ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਦੱਸਿਆ ਜਾ ਰਿਹਾ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਪਵਨ ਅਤੇ ਇਕ ਹੋਰ ਨਸੀਬ ਵਾਸੀ ਭਿਰਡਾਣਾ, ਫਤਿਹਾਬਾਦ ਨੂੰ ਗ੍ਰਿਫਤਾਰ ਕੀਤਾ ਹੈ।
ਉਧਰ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੋਲੈਰੋ ਗੱਡੀ ਦੇ ਫਤਿਹਾਬਾਦ ’ਚ ਘੁੰਮਣ ਦੇ ਸੁਰਾਗ ਮਿਲਦੇ ਹੀ ਪੰਜਾਬ ਪੁਲੀਸ ਨੇ ਸਥਾਨਕ ਪੁਲੀਸ ਦੀ ਸਹਾਇਤਾ ਨਾਲ ਪਿੰਡ ਭਿਰਡਾਨਾ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਦੀ ਪਛਾਣ ਪਵਨ ਬਿਸ਼ਨੋਈ ਅਤੇ ਨਸੀਬ ਖ਼ਾਨ ਵਜੋਂ ਹੋਈ ਹੈ। ਫਤਿਹਾਬਾਦ ਦੇ ਐੱਸਪੀ ਸੁਰਿੰਦਰ ਭੋਰੀਆਂ ਮੁਤਾਬਕ ਦੋ ਨੌਜਵਾਨਾਂ ਨੂੰ ਸਾਂਝੇ ਪੁਲੀਸ ਅਪਰੇਸ਼ਨ ਵਿੱਚ ਕਾਬੂ ਕੀਤਾ ਗਿਆ ਹੈ। ਮੋਗਾ ਪੁਲੀਸ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰੇਗੀ। ਪੁਲੀਸ ਨੂੰ ਇਨ੍ਹਾਂ ਨੌਜਵਾਨਾਂ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।






