ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਅੰਤ੍ਰਿੰਗ ਕਮੇਟੀ ਵਿਚ ਅਹਿਮ ਫੈਸਲੇ ਲਏ ਗਏ। ਜਿਸ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਛੇਵੀਂ ਤੋਂ ਦਸਵੀਂ ਤਕ ਦੇ ਵਿਦਿਆਰਥੀਆਂ ਨੂੰ 3500, ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਪੰਜ ਹਜ਼ਾਰ, ਗਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਠ ਹਜ਼ਾਰ ਤੇ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦੱਸ ਹਜ਼ਾਰ ਰੁਪਏ ਵਜ਼ੀਫਾ ਦੇਣ ਦਾ ਐਲਾਨ ਕੀਤਾ ਗਿਆ। ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿਕਲੀਗਰ ਭਾਈਚਾਰੇ ਦੇ ਬੱਚਿਆਂ ਦੀ ਪੜ੍ਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੁਕੰਮਲ ਫੀਸਾਂ ਭਰੀਆਂ ਜਾਂਦੀਆਂ ਹਨ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਪ੍ਰਧਾਨ ਧਾਮੀ ਨੇ ਕਿਹਾ ਕਿ ਜਥੇਦਾਰ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਇੱਕ ਬੇਲੋੜਾ ਡਰਾਮਾ ਕੀਤਾ ਹੈ। ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਥੇਦਾਰ ਨੂੰ ਜ਼ੈੱਡ ਸੁਰੱਖਿਆ ਦੇਣ ਲਈ ਉਹ ਧੰਨਵਾਦ ਕਰਦੇ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੇਂਦਰ ਦੇ ਕਮਾਂਡੋ ਚੱਲਣੇ ਮਰਿਆਦਾ ਅਨੁਸਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਦੇ ਨਾਲ ਮਰਜੀਵੜੇ ਤੈਨਾਤ ਕੀਤੇ ਗਏ ਹਨ, ਜੋ ਜਥੇਦਾਰ ਦੀ ਸੁਰੱਖਿਆ ਕਰ ਸਕਦੇ ਹਨ।






