ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੂਬੇ ਦੇ ਚਾਰ ਸਾਬਕਾ ਮੰਤਰੀਆਂ ਸਣੇ ਕਈ ਸੀਨੀਅਰ ਆਗੂ ਭਾਜਪਾ (BJP) ‘ਚ ਸ਼ਾਮਲ ਹੋ ਗਏ ਹਨ। ਭਾਜਪਾ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸ਼ੇਖਾਵਤ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Amit Shah) ਨੇ ਇਨ੍ਹਾਂ ਆਗੂਆਂ ਨੂੰ ਅੱਜ ਭਾਜਪਾ ‘ਚ ਸ਼ਾਮਲ ਕਰਵਾਇਆ। ਇਸ ਤੋਂ ਪਹਿਲਾਂ ਸੁਨੀਲ ਜਾਖੜ ਨਾਲ ਇਨ੍ਹਾਂ ਸਭ ਦੀ ਮੀਟਿੰਗ ਹੋਈ ਸੀ।
ਜਾਣਕਾਰੀ ਮੁਤਾਬਕ ਕਾਂਗਰਸ ਦੇ ਜਿਹੜੇ ਦਿੱਗਜ ਆਗੂ ਭਾਜਪਾ ‘ਚ ਸ਼ਾਮਲ ਹੋਏ, ਉਨ੍ਹਾਂ ਵਿਚ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਕੇਵਲ ਸਿੰਘ ਢਿੱਲੋਂ, ਅਮਰੀਕ ਸਿੰਘ ਢਿੱਲੋਂ, ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਆਦਿ ਸ਼ਾਮਲ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਤੇ ਮਹਿਲਾ ਅਕਾਲੀ ਆਗੂ ਬੀਬੀ ਮਹਿੰਦਰ ਕੌਰ ਜੋਸ਼ ਵੀ ਭਾਜਪਾ ‘ਚ ਸ਼ਾਮਲ ਹੋਏ। ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਹੈ ਕਿ ਕਿਸੇ ਵੀ ਆਗੂ ਦੇ ਜਾਣ ਵਾਲੇ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਹਾਲਾਂਕਿ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨਾਲ ਵੀ ਚਰਚਾ ਚੱਲ ਰਹੀ ਹੈ ਪਰ ਉਹ ਭਾਜਪਾ ‘ਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਸੋਨੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲ ਗੱਲਬਾਤ ਕਰ ਰਹੇ ਸਨ। ਉਦੋਂ ਸੋਨੀ ਕੇਂਦਰ ਵਿੱਚ ਕੋਈ ਅਹੁਦਾ ਲੱਭ ਰਹੇ ਸਨ, ਪਰ ਉਸ ਸਮੇਂ ਗੱਲ ਸਿਰੇ ਨਾ ਚੜ੍ਹ ਸਕੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਰਾਜਕੁਮਾਰ ਵੇਰਕਾ ਪਿਛਲੇ ਕਾਫੀ ਸਮੇਂ ਤੋਂ ਆਪਣੇ ਪੱਧਰ ‘ਤੇ ਕਾਂਗਰਸ ਪਾਰਟੀ ਲਈ ਬਿਆਨਬਾਜ਼ੀ ਕਰਦੇ ਆ ਰਹੇ ਸਨ। 27 ਮਈ ਨੂੰ ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ‘ਤੇ ਹਮਲਾ ਬੋਲਿਆ। ਉਨ੍ਹਾਂ ਕਾਂਗਰਸ ਹਾਈਕਮਾਨ ਨੂੰ ਮੂਕ ਦਰਸ਼ਕ ਕਰਾਰ ਦਿੱਤਾ। ਪੰਜਾਬ ਕਾਂਗਰਸ ‘ਚ ਨਵਜੋਤ ਸਿੱਧੂ ਦੀ ਐਂਟਰੀ ਤੋਂ ਬਾਅਦ ਕਾਂਗਰਸ ਦਾ ਕੁਨਬਾ ਬਿਖਰਦਾ ਚਲਾ ਗਿਆ। ਪੰਜਾਬ ‘ਚ ਕਾਂਗਰਸ ‘ਚ ਸਭ ਕੁਝ ਠੀਕਠਾਕ ਚੱਲ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਪਰ ਅਚਾਨਕ ਕੈਪਟਨ ਦੇ ਵਿਰੋਧ ਦੇ ਬਾਵਜੂਦ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ।






