ਪਿੰਡ ਜਵਾਹਰਕੇ ’ਚ 29 ਮਈ ਨੂੰ ਸਿੱਧੂ ਮੂਸੇਵਲਾ (Sidhu Moose Wala) ਦੇ ਕਤਲ ਕਾਂਡ ‘ਚ ਸ਼ਾਮਲ ਤਰਨਤਾਰਨ ਦੇ ਪਿੰਡ ਜੋੜਾ ਦੇ ਰਹਿਣ ਵਾਲੇ ਸ਼ੂਟਰ ਜਗਰੂਪ ਸਿੰਘ ਰੂਪਾ (Jagroop Singh Roopa) ਦਾ ਪਰਿਵਾਰ ਘਰੋਂ ਗਾਇਬ ਹੋ ਚੁੱਕਾ ਹੈ। ਸੋਮਵਾਰ ਨੂੰ ਉਸ ਦਾ ਨਾਂ ਇਸ ਕਤਲਕਾਂਡ ‘ਚ ਸ਼ਾਮਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਉਸ ਦੇ ਘਰ ਦਬਿਸ਼ ਦਿੱਤੀ, ਪਰ ਉਸ ਦੇ ਘਰ ਨੂੰ ਤਾਲੇ ਲੱਗੇ ਮਿਲੇ ਜਦੋਂਕਿ ਗੁਆਂਢੀਆਂ ਕੋਲੋਂ ਸਿਰਫ਼ ਇੰਨੀ ਜਾਣਕਾਰੀ ਹੀ ਮਿਲ ਸਕੀ ਕਿ ਐਤਵਾਰ ਨੂੰ ਪਰਿਵਾਰ ਇੱਥੇ ਵੇਖਿਆ ਗਿਆ ਸੀ। ਇਹ ਪਰਿਵਾਰ ਕਦੋਂ ਗਿਆ, ਇਸ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ।
ਜਗਰੂਪ ਸਿੰਘ ਰੂਪਾ ਦਾ ਨਾਂ ਪੰਜਾਬ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਸਾਹਮਣੇ ਆਉਣ ਤੋਂ ਬਾਅਦ ਸਾਲਾ ਇਲਾਕਾ ਹੈਰਾਨ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਹਾਲਾਂਕਿ ਪਹਿਲਾਂ ਉਹ ਟਰੱਕ ਡਰਾਈਵਰ ਸੀ ਪਰ ਉਸਦੇ ਦੂਸਰੇ ਲੜਕੇ ਰਣਜੋਤ ਸਿੰਘ ਜੋ ਭਾਰਤੀ ਫੌਜ ਵਿਚ ਹੈ ਦੇ ਕਹਿਣ ’ਤੇ ਬਲਵਿੰਦਰ ਸਿੰਘ ਨੇ ਡਰਾਈਵਰੀ ਦਾ ਪੇਸ਼ਾ ਛੱਡ ਦਿੱਤਾ। ਦੋ ਏਕੜ ਜ਼ਮੀਨ ਦੀ ਮਾਲਕੀ ਵਾਲੇ ਇਸ ਪਰਿਵਾਰ ਨਾਲ ਆਂਢੀਆਂ-ਗੁਆਂਢੀਆਂ ਦੀ ਵੀ ਬਹੁਤੀ ਬੋਲਚਾਲ ਨਹੀਂ ਹੈ। ਪਿੰਡ ਤੋਂ ਪਤਾ ਲੱਗਾ ਕਿ ਜਗਰੂਪ ਸਿੰਘ ਰੂਪਾ 8-10 ਸਾਲ ਤੋਂ ਗੈਰ ਸਮਾਜਿਕ ਕੰਮਾਂ ਵਿਚ ਅਜਿਹਾ ਜੁੜਿਆ ਕਿ ਫਿਰ ਵਾਪਸੀ ਨਹੀਂ ਹੋਈ।






