ਸਿੱਧੂ ਮੂਸੇਵਾਲਾ ਅਤੇ ਇੱਕ ਹੋਰ ਮਾਮਲੇ ਨੂੰ ਲੈ ਕੇ ਅੱਧੀ ਦਰਜਨ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਦੇ ਦੋ ਪਹਿਲੂ ਹਨ। ਇੱਕ, ਭੀਖੀ ਦੇ ਇਕ ਗੈਂਗਸਟਰ ਤੋਂ ਕਤਲ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ, ਜਿਸ ਕਾਰਨ ਗੈਂਗਸਟਰ ਵੱਲੋਂ ਅਧਿਕਾਰੀਆਂ ਨੂੰ ‘ਦੇਖ ਲੈਣ’ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੂਸਰਾ ਸਿੱਧੂ ਮੂਸੇਵਾਲਾ ਨਾਲ ਸਬੰਧਤ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਅਧਿਕਾਰੀਆਂ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲੱਗੀ ਮਾਨਸਾ ਪੁਲਿਸ (Mansa Police) ਨੂੰ ਧਮਕੀ ਮਿਲੀ ਹੈ ਕਿ ਉਹ ਕੇਸ ਦੀ ਜਾਂਚ-ਪੜਤਾਲ ਛੱਡ ਦੇਵੇ ਅਤੇ ਜ਼ਿਆਦਾ ਭੱਜ-ਨੱਠ ਨਾ ਕਰੇ। ਅਜਿਹਾ ਨਾ ਕਰਨ ‘ਤੇ ਅੰਜਾਮ ਭੁਗਤਣ ਲਈ ਕਿਹਾ ਗਿਆ ਹੈ। ਇਹ ਧਮਕੀ ਮਾਨਸਾ ਪੁਲਿਸ ਦੇ ਐਸਐਚਓ ਨੂੰ ਫੋਨ ਰਾਹੀਂ ਵਿਦੇਸ਼ ਤੋਂ ਆਈ ਫੋਨ ਕਾਲ ਰਾਹੀਂ ਦਿੱਤੀ ਗਈ ਹੈ।
ਦੱਸ ਦਈਏ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਕੇਸ ਨਾਲ ਜੁੜੇ ਵੱਖ-ਵੱਖ ਗੈਂਗਸਟਰਾਂ ਦਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨ ਮਾਨਸਾ ਪੁਲਿਸ ਦੇ ਐਸਐਸਪੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਕਈ ਸੁਰਾਗ਼ ਹੱਥ ਲੱਗੇ ਹਨ ਅਤੇ ਇਸ ਸਬੰਧੀ ਵੀਡੀਓ ਵੀ ਮਿਲੀ ਹੈ।
ਵਿਦੇਸ਼ੀ ਨੰਬਰਾਂ ਤੋਂ ਪੁਲਿਸ ਅਧਿਕਾਰੀਆਂ ਨੂੰ ਆਈ ਇਸ ਧਮਕੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਗਾਇਕਾਂ ਅਤੇ ਸਲਮਾਨ ਖਾਨ ਸਣੇ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਵੀ ਮਿਲੀਆਂ ਹਨ।






