ਬੀਤੇ ਦਿਨ ਜਲੰਧਰ-ਕਪੂਰਥਲਾ ਹਾਈਵੇ ’ਤੇ ਇਕ ਨੌਜਵਾਨ ਨੇ ਹਾਈਟੈੱਕ ਨਾਕਾ ਤੋੜ ਕੇ ਤੇਜ਼ ਰਫ਼ਤਾਰ ਕਾਰ ਪੰਜਾਬ ਪੁਲਿਸ ਦੇ ਏ.ਐੱਸ.ਆਈ. ਠਾਕੁਰ ਸਿੰਘ ’ਤੇ ਚਾੜ੍ਹ ਦਿੱਤੀ ਗਈ ਸੀ ਜਿਸ ਨਾਲ ਏ.ਐੱਸ.ਆਈ. ਦੀ ਖ਼ੱਬੀ ਲੱਤ ਅਤੇ ਪਸਲੀਆਂ ਟੁੱਟ ਗਈਆਂ ਸਨ।
ਏ.ਐੱਸ.ਆਈ. ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਕਪੂਰਥਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਾਇੰਸ ਸਿਟੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਤੇਜ਼ ਰਫ਼ਤਾਰ ਵਰਨਾ ਕਾਰ ਨਾਕਾ ਤੋੜ ਕੇ ਇਕ ਸਰਕਾਰੀ ਵਾਹਨ ਨੂੰ ਟੱਕਰ ਮਾਰਦਿਆਂ ਏ.ਐੱਸ.ਆਈ. ਠਾਕੁਰ ਸਿੰਘ ਨੂੰ ਕੁਚਲ ਕੇ ਅੱਗੇ ਨਿਕਲ ਗਈ।
ਪੁਲਿਸ ਵੱਲੋਂ ਇਕ ਕਾਰ ਦਾ ਪਿੱਛਾ ਕੀਤਾ ਗਿਆ ਤੇ ਜਲੰਧਰ ਦੇ ਮੰਡ ਇਲਾਕੇ ’ਚ ਗੱਡੀ ਤੇ ਚਾਲਕ ਨੂੰ ਫੜ ਲਿਆ ਗਿਆ। ਅੱਜ ਪੁਲਿਸ ਦੇ ਹੱਥ ਇਕ ਵੱਡੀ ਸਫ਼ਲਤਾ ਲੱਗੀ ਹੈ। ਸਾਇੰਸ ਸਿਟੀ ਚੌਂਕੀ ਨੇੜੇ ਏ.ਐਸ.ਆਈ. ਨੂੰ ਕਾਰ ਨਾਲ ਜ਼ਖ਼ਮੀ ਕਰਨ ਵਾਲਾ ਸਮਗਲਰ ਹੈਰੋਇਨ, ਆਈਸ ਤੇ ਹਥਿਆਰਾਂ ਸਣੇ ਪੁਲਿਸ ਨੇ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਸਮੱਗਲਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਹਰਕੀਰਤ ਸਿੰਘ ਕਾਬੂ ਕਰਕੇ ਉਸ ਪਾਸੋਂ 200 ਗ੍ਰਾਮ ਹੈਰੋਇਨ, 100 ਗ੍ਰਾਮ ਆਈਸ, ਇਕ ਪਿਸਟਲ 32 ਬੋਰ ਮੈਗਜੀਨ ਵਾਲਾ ਸਮੇਤ 2 ਜਿੰਦਾ ਰੌਂਦ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਸਦਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਫਿਲਹਾਲ ਮੁਲਜ਼ਮ ਖਿਲਾਫ ਥਾਣਾ ਸਦਰ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਹੈਰੋਇਨ ਤੇ ਆਈਸ ਦਿੱਲੀ ਤੋਂ ਲੈ ਕੇ ਸਪਲਾਈ ਕਰਦਾ ਸੀ ਤੇ ਪਿਸਤੌਲ ਵੀ ਉਸ ਨੇ ਦਿੱਲੀ ਤੋਂ ਹੀ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਉਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਤੇ ਦੋ ਮਾਮਲੇ ਥਾਣਾ ਸਿਟੀ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਇਕ ਮੁੱਕਦਮਾ ਥਾਣਾ ਸਦਰ ਜਲੰਧਰ ਕਮਿਸ਼ਨਰੇਟ ਵਿਚ ਹੈ ਜਿਨ੍ਹਾਂ ‘ਚੋ ਜ਼ਮਾਨਤ ‘ਤੇ ਚੱਲ ਰਿਹਾ ਹੈ।






