
ਚੰਡੀਗੜ੍ਹ- ਸਿਟੀ ਬਿਊਟੀਫੁੱਲ ਦੇ ਸੈਕਟਰ 22 ਸਥਿਤ ਹੋਟਲ ਡਾਇਮੰਡ ਪਲਾਜ਼ਾ ‘ਤੇ ਏ.ਕੇ.-47 ਨਾਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ ‘ਚ ਪੰਜਾਬ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ। ਗੋਲੀ ਸ਼ੀਸ਼ੇ ਵਿੱਚ ਵੜ ਕੇ ਪੁਲਿਸ ਮੁਲਾਜ਼ਮ ਦੇ ਢਿੱਡ ਵਿੱਚੋਂ ਲੰਘ ਗਈ। ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਦੇਰ ਰਾਤ ਕਰੀਬ ਡੇਢ ਵਜੇ ਹੋਟਲ ਪਹੁੰਚੇ ਸਨ।

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇੱਕ ਕਰਮਚਾਰੀ ਬਾਥਰੂਮ ਗਿਆ ਸੀ। ਉੱਥੇ ਹੀ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲਤੀ ਨਾਲ ਚੱਲੀ ਪਰ ਪੁਲਸ ਜਾਂਚ ‘ਚ ਜੁਟੀ ਹੋਈ ਹੈ।

ਜ਼ਖ਼ਮੀ ਪੁਲੀਸ ਮੁਲਾਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ, ਜਿਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਕਮਰੇ ਵਿੱਚ ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ ਸੌਂ ਰਿਹਾ ਸੀ।

ਦੋਵੇਂ ਸਿਪਾਹੀ ਇੱਕ ਕਾਰੋਬਾਰੀ ਦੇ ਗੰਨਮੈਨ ਦੱਸੇ ਜਾਂਦੇ ਹਨ। ਕਾਰੋਬਾਰੀ ਰਾਤ ਨੂੰ ਨੇੜਲੇ ਹੋਟਲ ਵਿੱਚ ਸੌਂ ਰਿਹਾ ਸੀ ਅਤੇ ਇਹ ਦੋਵੇਂ ਹੋਟਲ ਡਾਇਮੰਡ ਪਲਾਜ਼ਾ ਵਿੱਚ ਠਹਿਰੇ ਸਨ।

ਜ਼ਖਮੀ ਕੋਲੋਂ ਮਿਲੇ ਪਛਾਣ ਪੱਤਰ ਮੁਤਾਬਕ ਉਸ ਦੀ ਪਛਾਣ ਪੰਜਾਬ ਪੁਲਸ ਦੇ ਜਵਾਨ ਦੀਪਕ ਵਜੋਂ ਹੋਈ ਹੈ। ਚੰਡੀਗੜ੍ਹ ਪੁਲੀਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਇਹ ਸੰਭਾਵਨਾ ਜਤਾਈ ਹੈ ਕਿ ਕਾਂਸਟੇਬਲ ਦੀਪਕ ਤੋਂ ਗਲਤੀ ਨਾਲ ਆਪਣੀ ਸਰਵਿਸ ਗੰਨ ਏ.ਕੇ.-47 ਤੋਂ ਗੋਲੀ ਚਲ ਗਈ, ਜੋ ਉਸ ਦੇ ਪੇਟ ਵਿੱਚ ਲੱਗੀ।






