ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਾਤਰਾ ਚਾਲ ਜ਼ਮੀਨੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੇ ਸਿਲਸਿਲੇ ’ਚ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਨੌਂ ਘੰਟੇ ਤੱਕ ਕਾਰਵਾਈ ਕੀਤੀ।ਸੰਜੇ ਰਾਊਤ ਨੂੰ ਈਡੀ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ।
ਇਸ ਦੌਰਾਨ ਦੇਰ ਸ਼ਾਮ ਈਡੀ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਰਾਊਤ ਦੇ ਘਰ ਤੋਂ 11.5 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ ਹੋਈ ਹੈ। ਇਸ ਦੌਰਾਨ ਸੰਜੇ ਰਾਊਤ ਦੇ ਭਰਾ ਸੁਨੀਲ ਰਾਊਤ ਨੇ ਕਿਹਾ ਹੈ ਕਿ ਜਿਸ ਲਿਫਾਫੇ ‘ਚ ਨਕਦੀ ਮਿਲੀ ਸੀ, ਉਸ ‘ਤੇ ਏਕਨਾਥ ਸ਼ਿੰਦੇ ਦਾ ਨਾਂ ਲਿਖਿਆ ਹੋਇਆ ਸੀ।
ਸੁਨੀਲ ਰਾਊਤ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ 10 ਲੱਖ ਰੁਪਏ ਦੇ ਬਾਰੇ ‘ਚ ਸਪੱਸ਼ਟ ਕਰ ਦਿੱਤਾ ਹੈ ਕਿ ਜਿਸ ਪੈਕੇਟ ‘ਚ ਉਨ੍ਹਾਂ ਨੂੰ ਪੈਸੇ ਮਿਲੇ ਹਨ, ਉਸ ‘ਚ ਅਯੁੱਧਿਆ ਲਈ ਅਤੇ ਏਕਨਾਥ ਸ਼ਿੰਦੇ… ਅਜਿਹਾ ਲਿਖਿਆ ਗਿਆ ਹੈ… ਮਤਲਬ ਕਿ ਉਹ ਪੈਸਾ ਅਯੁੱਧਿਆ ਲਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਇਸ ਕੇਸ ਵਿੱਚ ਕੱਲ੍ਹ ਸਵੇਰੇ ਸੱਤ ਵਜੇ ਸ਼ਿਵ ਸੈਨਾ ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਦੀ ਰਿਹਾਇਸ਼ ‘ਮੈਤਰੀ’ ’ਤੇ ਛਾਪਾ ਮਾਰਿਆ ਸੀ। ਈਡੀ ਦੇ ਅਧਿਕਾਰੀਆਂ ਨਾਲ ਸੀਆਰਪੀਐੱਫ ਦੇ ਸੁਰੱਖਿਆ ਕਰਮੀ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈਡੀ ਨੇ ਰਾਊਤ ਖ਼ਿਲਾਫ਼ ਕਈ ਵਾਰ ਸੰਮਨ ਜਾਰੀ ਕੀਤੇ ਸਨ ਤੇ ਉਨ੍ਹਾਂ ਨੂੰ 27 ਜੁਲਾਈ ਲਈ ਵੀ ਤਲਬ ਕੀਤਾ ਗਿਆ ਸੀ।
ਰਾਊਤ ਨੂੰ ਮੁੰਬਈ ਦੇ ਇੱਕ ਚਾਲ ਦੇ ਪੁਨਰ ਵਿਕਾਸ ਅਤੇ ਉਨ੍ਹਾਂ ਦੀ ਪਤਨੀ ਤੇ ਹੋਰ ਸਹਿਯੋਗੀਆਂ ਦੀ ਸ਼ਮੂਲੀਅਤ ਵਾਲੇ ਲੈਣ-ਦੇਣ ’ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਕੇਸ ’ਚ ਪੁੱਛ-ਪੜਤਾਲ ਲਈ ਤਲਬ ਕੀਤਾ ਗਿਆ ਸੀ। ਰਾਊਤ ਇਸ ਮਾਮਲੇ ’ਚ ਆਪਣਾ ਬਿਆਨ ਦੇਣ ਲਈ ਪਹਿਲੀ ਜੁਲਾਈ ਨੂੰ ਮੁੰਬਈ ’ਚ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ।
ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ ਦੋ ਵਾਰ ਤਲਬ ਕੀਤਾ ਪਰ ਮੌਨਸੂਨ ਸੈਸ਼ਨ ’ਚ ਸ਼ਾਮਲ ਹੋਣ ਦਾ ਹਵਾਲਾ ਦੇ ਕੇ ਉਹ ਪੇਸ਼ ਨਾ ਹੋਏ। ਇਸ ਮਗਰੋਂ ਈਡੀ ਨੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਉੱਥੇ ਕਈ ਘੰਟੇ ਕਾਰਵਾਈ ਕਰਨ ਤੋਂ ਬਾਅਦ ਸ਼ਾਮ ਨੂੰ ਸੰਜੈ ਰਾਊਤ ਨੂੰ ਹਿਰਾਸਤ ਵਿੱਚ ਲੈ ਲਿਆ। ਈਡੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਵੱਡੀ ਗਿਣਤੀ ’ਚ ਸ਼ਿਵ ਸੈਨਾ ਵਰਕਰ ਰਾਊਤ ਦੀ ਰਿਹਾਇਸ਼ ਅੱਗੇ ਇਕੱਠੇ ਹੋਏ ਗਏ ਤੇ ਉਨ੍ਹਾਂ ਏਜੰਸੀ ਦੀ ਕਾਰਵਾਈ ਦਾ ਵਿਰੋਧ ਕੀਤਾ।
ਪਾਰਟੀ ਵਰਕਰਾਂ ਨੇ ਭਗਵਾ ਰੰਗ ਦੇ ਝੰਡੇ ਤੇ ਬੈਨਰ ਲੈ ਕੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਊਤ ਨੇ ਘਰ ਦੀ ਖਿੜਕੀ ਤੋਂ ਆਪਣੇ ਸਮਰਥਕਾਂ ਵੱਲ ਹੱਥ ਵੀ ਹਿਲਾਇਆ। ਸੈਨਾ ਵਰਕਰਾਂ ਨੇ ਈਡੀ ਦੇ ਵਾਹਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਹਟਾ ਦਿੱਤਾ। ਸੰਜੈ ਰਾਊਤ ਦੇ ਛੋਟੇ ਭਰਾ ਤੇ ਵਿਧਾਇਕ ਸੁਨੀਲ ਰਾਊਤ ਇਸ ਸਮੇਂ ਪੁਲਿਸ ਨਾਲ ਬਹਿਸਦੇ ਦਿਖਾਈ ਦਿੱਤੇ। ਸੁਨੀਲ ਰਾਊਤ ਨੇ ਦਾਅਵਾ ਕੀਤਾ ਕਿ ਈਡੀ ਨੂੰ ਪਾਤਰਾ ਚਾਲ ਕੇਸ ’ਚ ਸੰਜੈ ਰਾਊਤ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ ਹੈ।






