ਅਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਏ. ਡੀ. ਸੀ. ਨਵਾਂਸ਼ਹਿਰ ਰਾਜੀਵ ਕੁਮਾਰ ਵਰਮਾ ਨੂੰ ਮੰਗ-ਪੱਤਰ ਦਿੱਤਾ ਗਿਆ । ਇਸ ਮੌਕੇ ਰਤਨ ਜੈਨ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਇਲਾਕੇ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਲ੍ਹਾ ਪ੍ਰਸਾਸ਼ਨ ਨੂੰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ । ਸ਼ਹਿਰ ਵਿੱਚ ਗਾਵਾਂ, ਮੱਝਾਂ, ਬਲਦ, ਸਾਂਡ ਆਦਿ ਆਮ ਘੁੰਮਦੇ ਦਿਖਾਈ ਦਿੰਦੇ ਹਨ। ਇਨ੍ਹਾਂ ਪਸ਼ੂਆਂ ਨੂੰ ਮਾਲਕਾਂ ਵੱਲੋਂ ਚਰਾਉਣ ਲਈ ਖੁੱਲ੍ਹੇ ਵਿੱਚ ਛੱਡ ਦਿੱਤਾ ਜਾਂਦਾ ਹੈ ਜਾਂ ਜਦੋਂ ਪਸ਼ੂ ਮਾਲਕਾ ਦੇ ਕੋਈ ਕੰਮ ਦੇ ਨਹੀਂ ਰਹਿੰਦੇ ਤਾਂ ਮਾਲਕਾਂ ਵੱਲੋਂ ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਇਹ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਲਈ ਸਮੱਸਿਆ ਪੈਦਾ ਕਰਦੇ ਹਨ । ਕਈ ਵਾਰ ਇਹ ਪਸ਼ੂ ਆਪਸ ਵਿੱਚ ਲੜਦੇ ਹਨ ਤਾਂ ਵੱਡਾ ਹਾਦਸਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਖੁੱਲ੍ਹੇ ਆਮ ਘੁੰਮ ਰਹੇ ਇਨ੍ਹਾਂ ਪਸ਼ੂਆਂ ਨੇ ਕਈ ਲੋਕਾਂ ਨੂੰ ਜ਼ਖਮੀ ਵੀ ਕੀਤਾ ਹੈ। ਸਮਾਜਿਕ ਸੰਸਥਾਵਾਂ ਵੱਲੋਂ ਜਨਤਕ ਥਾਂਵਾਂ ਤੇ ਮਿਹਨਤ ਨਾਲ ਲਗਾਏ ਪੌਦਿਆਂ ਨੂੰ ਵੀ ਅਵਾਰਾ ਪਸ਼ੂ ਨਹੀਂ ਛੱਡਦੇ, ਉਨ੍ਹਾਂ ਦੀ ਸਾਰੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਵੱਡੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ, ਇਸ ਲਈ ਸਾਡੀ ਬੇਨਤੀ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਏ. ਡੀ. ਸੀ. ਨਵਾਂਸ਼ਹਿਰ ਰਾਜੀਵ ਕੁਮਾਰ ਵਰਮਾ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਜਲਦੀ ਢੁੱਕਵਾਂ ਹੱਲ ਕਰਨ ਦਾ ਆਸ਼ਵਾਸਨ ਦਬਾਇਆ । ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ, ਦੋਆਬਾ ਸੇਵਾ ਸਮਿਤੀ ਨਵਾਂਸ਼ਹਿਰ, ਨੇਤਰ ਦਾਨ ਸੇਵਾ ਸੰਸਥਾ ਨਵਾਂਸ਼ਹਿਰ, ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਨਵਾਂਸ਼ਹਿਰ, ਉਪਕਾਰ ਸੁਸਾਇਟੀ ਨਵਾਂਸ਼ਹਿਰ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ, ਆਵਾਜ਼ ਵੈਲਫੇਅਰ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਮੈਂਬਰ ਰਤਨ ਜੈਨ, ਜਸਪਾਲ ਸਿੰਘ ਹਫਜਾਵਾਦੀ, ਜਸਪਾਲ ਸਿੰਘ ਗਿੱਧਾ, ਅਸ਼ੋਕ ਸ਼ਰਮਾ, ਮਾਸਟਰ ਹੁਸਨ ਲਾਲ,ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਜਸਵਿੰਦਰ ਸਿੰਘ, ਮੰਗਲ ਸਿੰਘ, ਜਸਪ੍ਰੀਤ ਸਿੰਘ, ਪ੍ਰਦੀਪ ਸਿੰਘ, ਸਤਬੀਰ ਸਿੰਘ ਆਦਿ ਹਾਜਰ ਸਨ ।






