ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਕਿਹਾ ਹੈ ਕਿ ਹੁਣ ਤੱਕ ਪੰਜਾਬ ਦੇ 50 ਹਜ਼ਾਰ ਤੋਂ ਵੱਧ ਪਸ਼ੂਆਂ ਨੂੰ ਗੋਟ ਪੌਕਸ ਦੀ ਦਵਾਈ ਲਗਾਈ ਜਾ ਚੁੱਕੀ ਹੈ। ਲੰਪੀ ਸਕਿਨ ਬੀਮਾਰੀ ਦੇ ਟਾਕਰੇ ਲਈ ਗੋਟ ਪੌਕਸ ਦਵਾਈ ਦੀਆਂ 2.33 ਲੱਖ ਡੋਜ਼ਿਜ਼ ਲਿਆਂਦੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਅਹਿਮਦਾਬਾਦ ਤੋਂ ਪੁੱਜੀ 1.67 ਲੱਖ ਡੋਜ਼ ਦੀ ਦੂਜੀ ਖੇਪ ਸਮੂਹ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਵੰਡੀ ਗਈ ਹੈ ਕੈਬਨਿਟ ਮੰਤਰੀ ਨੇ ਵੈਟਰਨਰੀ ਡਾਕਟਰਾਂ ਅਤੇ ਪਸ਼ੂ ਮਾਹਰਾਂ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਿੰਦਾਂਵਾਲਾ, ਨਬੀਪੁਰ ਅਤੇ ਨੌਸ਼ਹਿਰਾ ਪੰਨੂਆਂ ਦਾ ਦੌਰਾ ਕੀਤਾ।
ਵੈਟਰਨਰੀ ਅਫ਼ਸਰਾਂ ਤੇ ਇੰਸਪੈਕਟਰਾਂ ਦੀਆਂ 673 ਟੀਮਾਂ ਟੀਕਾਕਰਨ ਤੇ ਜਾਗਰੂਕਤਾ ਮੁਹਿੰਮ ਵਿੱਚ ਜੁਟੀਆਂ ਹਨ।ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੰਪੀ ਸਕਿੱਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਮੁੱਖ ਭਗਵੰਤ ਸਿੰਘ ਮਾਨ ਦੀ ਸਰਕਾਰ ਨਿਰੰਤਰ ਜੀਅ-ਤੋੜ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਟ ਪੌਕਸ ਦਵਾਈ ਦੀ 1,67,000 ਹੋਰ ਡੋਜ਼ਿਜ਼ ਦੀ ਦੂਜੀ ਖੇਪ ਕੱਲ੍ਹ ਸਵੇਰੇ (9 ਅਗਸਤ) ਨੂੰ ਹਵਾਈ ਜਹਾਜ਼ ਰਾਹੀਂ ਅਹਿਮਦਾਬਾਦ ਤੋਂ ਪੰਜਾਬ ਪਹੁੰਚੀ ਹੈ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਵਾਈ ਹਰ ਹੀਲੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਬੀਮਾਰੀ ਪ੍ਰਭਾਵਤ ਖੇਤਰਾਂ ਵਿੱਚ ਪੁੱਜਦੀ ਕੀਤੀ ਜਾਵੇ ਤਾਂ ਜੋ ਸਿਹਤਮੰਦ ਪਸ਼ੂਆਂ ਨੂੰ ਲਾਗ ਤੋਂ ਪਹਿਲਾਂ ਹੀ ਬਚਾਇਆ ਜਾ ਸਕੇ।






