ਚੰਡੀਗੜ੍ਹ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਮੰਗ ਕੀਤੀ ਹੈ ਕਿ ਪੰਜਾਬ ਦੇ ਨਵੇਂ ਲਗਾਏ ਏਜੀ ਵਿਨੋਦ ਘਈ ਨੂੰ ਬਦਲਿਆ ਜਾਏ। ਏਜੀ ਵਿਨੋਦ ਘਈ ਬੇਅਦਬੀ ਮਾਮਲੇ ਨੂੰ ਲੈ ਕੇ ਡੇਰਾ ਸਿਰਸਾ ਮੁਖੀ ਗੁਰਮੀ ਰਾਮ ਰਹੀਮ ਦਾ ਕੇਸ ਲਡ਼ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕੋਟਕਪੂਰਾ ਬਰਗਾੜੀ ਮਾਮਲੇ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਬੰਦੀ ਸਿੰਘ ਦੀ ਰਿਹਾਈ ਦਾ ਮੁੱਦਾ ਮੁੱਖ ਮੰਤਰੀ ਅੱਗੇ ਰੱਖਿਆ ਗਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇ।

ਦਾਦੂਵਾਲ ਨੇ ਅੱਗੇ ਕਿਹਾ ਕਿ ਹਰਿਆਣਾ ਸਰਕਾਰ ਨੇ ਗੁਰਦੁਆਰਿਆਂ ਵਿੱਚ ਤਿਰੰਗਾ ਲਹਿਰਾਉਣ ਦੀ ਗੱਲ ਨਹੀਂ ਆਖੀ ਹੈ। ਅਜਿਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦੋ ਗੁਰਦੁਆਰਿਆਂ ਬਾਰੇ ਜੋ ਚਿੱਟੀ ਵਾਇਰਲ ਹੋਈ ਹੈ, ਉਹ ਦੋਵੇਂ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹਨ। ਐਸਜੀਪੀਸੀ ਇਸ ਬਾਰੇ ਸਪੱਸ਼ਟ ਕਰੇ।

ਜਥੇਦਾਰ ਨੇ ਲੋਕਾਂ ਨੂੰ ਕੇਸਰੀ ਝੰਡਾ ਲਗਾਉਣ ਦੀ ਅਪੀਲ ਕਰਾਂਗਾ, ਪਰ ਕੋਈ ਵੀ ਤਿਰੰਗੇ ਦਾ ਅਪਮਾਨ ਨਾ ਕਰੇ। ਉਨ੍ਹਾਂ ਮੁੜ ਕਿਹਾ ਕਿ ਕੋਈ ਵੀ ਗੁੰਮਰਾਹ ਹੋ ਕੇ ਤਿਰੰਗੇ ਦਾ ਅਪਮਾਨ ਨਾ ਕਰੇ।
ਜਥੇਦਾਰ ਨੇ ਬਾਦਲ ਪਰਿਵਾਰ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜਥੇਦਾਰ ਨੂੰ ਬਾਦਲ ਪਰਿਵਾਰ ਵਰਤ ਰਿਹਾ ਹੈ। ਉਨ੍ਹਾਂ ਕਿਹਾ ਬਾਦਲ ਪਰਿਵਾਰ ਨੂੰ ਪੰਥ ਅਤੇ ਪੰਜਾਬ ਦੀ ਜਨਤਾ ਨੇ ਨਕਾਰ ਦਿੱਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਪੰਜਾਬ ਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਬਾਦਲ ਪਰਿਵਾਰ ਨੂੰ ਆਕਸੀਜਨ ਮਿਲੇ।






