IndiGo Airfare Hike: ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਲੀ ਵਾਲਸ਼ ਨੇ ਕਿਹਾ ਹੈ ਕਿ ਹਵਾਈ ਬਾਲਣ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਕੰਪਨੀ ਨੂੰ ਹਵਾਈ ਕਿਰਾਏ ਵਧਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡੀਗੋ ਦੀ ਵਿੱਤੀ ਸਥਿਤੀ ਮਜ਼ਬੂਤ ਹੈ। ਇੰਡੀਗੋ ਕੋਲ ਵਧਦੇ ਖ਼ਰਚਿਆਂ ਨਾਲ ਨਜਿੱਠਣ ਵਾਸਤੇ ਕਈ ਬਦਲ ਹਨ। ਹਾਲਾਂਕਿ, ਕੰਪਨੀ ਨੇ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿੱਚ 1,879.1 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ।
ਅਗਸਤ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਮੀਡੀਆ ਗੱਲਬਾਤ ਦੌਰਾਨ ਵਾਲਸ਼ ਨੇ ਕਿਹਾ ਕਿ ਕੰਪਨੀ ਦੀ ਮਜ਼ਬੂਤ ਵਿੱਤੀ ਸਥਿਤੀ ਉਸ ਨੂੰ ਹੋਰ ਹਵਾਈ ਕੰਪਨੀਆਂ ਦੇ ਮੁਕਾਬਲੇ ਵਧੇਰੇ ਬਦਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕੁਝ ਖ਼ਰਚੇ ਘਟਾ ਸਕਦੀ ਹੈ ਪਰ ਇਸ ਦਾ ਖ਼ਰਚਾ ਢਾਂਚਾ ਪਹਿਲਾਂ ਹੀ ਕਾਫ਼ੀ ਕੁਸ਼ਲ ਹੈ।
ਸਤੰਬਰ ਤਿਮਾਹੀ ’ਚ 1,879 ਕਰੋੜ ਦਾ ਘਾਟਾ
ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿੱਚ 1,879.1 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕੰਪਨੀ ਦੀ ਕੁੱਲ ਆਮਦਨ ਪਿਛਲੇ ਸਾਲ ਦੀ ਇਸੇ ਮਿਆਦ ਦੇ 19,599.5 ਕਰੋੜ ਰੁਪਏ ਤੋਂ ਵਧ ਕੇ 24,311.9 ਕਰੋੜ ਰੁਪਏ ਹੋ ਗਈ। ਇਸ ਦੇ ਬਾਵਜੂਦ ਵਧੇ ਹੋਏ ਖ਼ਰਚਿਆਂ ਨੇ ਮੁਨਾਫ਼ੇ ਦੀ ਥਾਂ ਘਾਟਾ ਦਰਜ ਕਰਵਾਇਆ।
ਤਿਮਾਹੀ ਦੌਰਾਨ ਕੰਪਨੀ ਦੇ ਕੁੱਲ ਖ਼ਰਚੇ ਵਧ ਕੇ 26,188.4 ਕਰੋੜ ਰੁਪਏ ਹੋ ਗਏ। ਹਵਾਈ ਬਾਲਣ ’ਤੇ ਖ਼ਰਚਾ 67.2 ਫ਼ੀਸਦੀ ਵਧ ਕੇ 9,966.8 ਕਰੋੜ ਰੁਪਏ ਤੱਕ ਪਹੁੰਚ ਗਿਆ। ਕੰਪਨੀ ਨੇ ਇਸ ਲਈ ਬਾਲਣ ਦੀਆਂ ਬੇਹੱਦ ਉੱਚੀਆਂ ਕੀਮਤਾਂ ਅਤੇ ਰੁਪਏ ਦੀ ਕਮਜ਼ੋਰੀ ਨੂੰ ਜ਼ਿੰਮੇਵਾਰ ਦੱਸਿਆ।
ਹਵਾਈ ਕਿਰਾਏ ਵਧਾਉਣੇ ਮਜਬੂਰੀ: ਵਾਲਸ਼
ਪੱਛਮੀ ਏਸ਼ੀਆ ਦੇ ਸੰਕਟ ਅਤੇ ਭੂ-ਸਿਆਸੀ ਅਨਿਸ਼ਚਿਤਤਾਵਾਂ ਕਾਰਨ ਬਾਲਣ ਮਹਿੰਗਾ ਹੋਣ ਨਾਲ ਹਵਾਈ ਕੰਪਨੀਆਂ ਦੇ ਸੰਚਾਲਨ ਖ਼ਰਚੇ ਵਧੇ ਹਨ। ਇਸ ਦਾ ਅਸਰ ਹਵਾਈ ਕਿਰਾਇਆਂ ’ਤੇ ਵੀ ਪੈ ਰਿਹਾ ਹੈ। ਇੰਡੀਗੋ ਸਮੇਤ ਹੋਰ ਹਵਾਈ ਕੰਪਨੀਆਂ ਟਿਕਟਾਂ ’ਤੇ ਬਾਲਣ ਸਰਚਾਰਜ ਵੀ ਲਾ ਰਹੀਆਂ ਹਨ।
ਵਾਲਸ਼ ਨੇ ਕਿਹਾ ਕਿ ਕੰਪਨੀ ਹਵਾਈ ਕਿਰਾਇਆਂ ਵਿੱਚ ਵਾਧੇ ਨੂੰ ਘੱਟ ਤੋਂ ਘੱਟ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੰਡੀਗੋ ਨੇ ਘੱਟ ਕਿਰਾਇਆਂ ਰਾਹੀਂ ਭਾਰਤ ਵਿੱਚ ਹਵਾਈ ਸਫ਼ਰ ਦੀ ਮੰਗ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਰ ਬਾਲਣ ਦੇ ਖ਼ਰਚੇ ਵਿੱਚ ਹੋਏ ਵੱਡੇ ਵਾਧੇ ਦੀ ਭਰਪਾਈ ਲਈ ਕਿਰਾਏ ਵਧਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ।






