CBSE Exam Rules: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੇ ਨਵੇਂ ਨਿਯਮਾਂ ਤਹਿਤ ਸਕਿੱਲ ਵਿਸ਼ੇ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਬੋਰਡ ਨੇ ਸਾਲ 2028 ਵਿੱਚ ਹੋਣ ਵਾਲੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਿਯਮਾਂ ਨੂੰ ਸਪਸ਼ਟ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਵਿਦਿਆਰਥੀਆਂ ਲਈ ਪੰਜ ਵਿਸ਼ੇ ਪਾਸ ਕਰਨੇ ਲਾਜ਼ਮੀ ਹੋਣਗੇ ਪਰ ਉਨ੍ਹਾਂ ਨੂੰ ਇੱਕ ਵਾਧੂ ਸਕਿੱਲ (ਹੁਨਰ) ਵਿਸ਼ਾ ਚੁਣਨ ਦਾ ਮੌਕਾ ਵੀ ਮਿਲੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜੇਕਰ ਕੋਈ ਵਿਦਿਆਰਥੀ ਗਣਿਤ, ਵਿਗਿਆਨ ਜਾਂ ਸਮਾਜਿਕ ਵਿਗਿਆਨ ਵਿੱਚੋਂ ਕਿਸੇ ਇੱਕ ਵਿੱਚ ਫੇਲ੍ਹ ਹੋ ਜਾਂਦਾ ਹੈ ਤਾਂ ਇਹ ਵਾਧੂ ਹੁਨਰ ਵਿਸ਼ਾ ਉਸ ਨੂੰ ਪਾਸ ਕਰਵਾਉਣ ਵਿੱਚ ਮਦਦ ਕਰ ਸਕਦਾ ਹੈ।
ਬੋਰਡ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਸਿਲੇਬਸ ਵਿੱਚ ਕੁਝ ਨਵੇਂ ਵਿਸ਼ੇ ਇੰਟਰ-ਡਿਸਿਪਲਿਨਰੀ ਏਰੀਆ ਅਤੇ ਸੀ ਟੀ ਤੇ ਏ ਆਈ ਮਾਡਿਊਲ ਫਿਲਹਾਲ ਸ਼ਾਮਲ ਨਹੀਂ ਕੀਤੇ ਜਾਣਗੇ। ਇਹ ਨਵੇਂ ਨਿਯਮ ਸਿਰਫ਼ ਉਨ੍ਹਾਂ ਵਿਦਿਆਰਥੀਆਂ ’ਤੇ ਲਾਗੂ ਹੋਣਗੇ ਜੋ ਸਾਲ 2026-27 ਵਿੱਚ ਨੌਂਵੀਂ ਜਮਾਤ ਵਿੱਚ ਹੋਣਗੇ ਅਤੇ 2028 ਵਿੱਚ 10ਵੀਂ ਦੀ ਬੋਰਡ ਪ੍ਰੀਖਿਆ ਦੇਣਗੇ। ਮੌਜੂਦਾ 10ਵੀਂ ਜਮਾਤ ਦੇ ਵਿਦਿਆਰਥੀਆਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।
ਸੀ ਬੀ ਐੱਸ ਈ ਦੀ ਡਾਇਰੈਕਟਰ (ਅਕਾਦਮਿਕ) ਪ੍ਰਗਿਆ ਐੱਮ ਸਿੰਘ ਨੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰਦਿਆਂ ਦੱਸਿਆ ਹੈ ਕਿ 2028 ਬੈਚ ਦੇ 10ਵੀਂ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਪੂਰੀ ਕਰਨ ਲਈ ਦੋ ਰਾਹ ਦਿੱਤੇ ਗਏ ਹਨ। ਉਹ ‘ਕੌਸ਼ਲ ਵਿਕਾਸ’ ਵਿਸ਼ਾ ਚੁਣ ਸਕਦੇ ਹਨ, ਜਿਸ ਦਾ ਮੁਲਾਂਕਣ ਸਕੂਲ ਪੱਧਰ ’ਤੇ ਹੋਵੇਗਾ ਜਾਂ ਬੋਰਡ ਵੱਲੋਂ ਨਿਰਧਾਰਤ 22 ਹੁਨਰ ਵਿਸ਼ਿਆਂ ਵਿੱਚੋਂ ਕੋਈ ਇੱਕ ਚੁਣ ਸਕਦੇ ਹਨ, ਜਿਸ ਦੀ ਬੋਰਡ ਪ੍ਰੀਖਿਆ ਹੋਵੇਗੀ। ਗਣਿਤ, ਵਿਗਿਆਨ ਜਾਂ ਸਮਾਜਿਕ ਵਿਗਿਆਨ ਵਿੱਚੋਂ ਕਿਸੇ ਇੱਕ ਵਿਸ਼ੇ ਵਿੱਚ ਫੇਲ੍ਹ ਹੋਣ ’ਤੇ ਬਦਲ ਵਜੋਂ ਹੁਨਰ ਵਿਸ਼ੇ ਦੇ ਅੰਕਾਂ ਦਾ ਲਾਭ ਬੋਰਡ ਪ੍ਰੀਖਿਆ ਵਾਲਾ ਹੁਨਰ ਵਿਸ਼ਾ ਪਾਸ ਕਰਨ ਵਾਲਿਆਂ ਨੂੰ ਮਿਲੇਗਾ, ‘ਕੌਸ਼ਲ ਵਿਕਾਸ’ ਦੇ ਸਕੂਲ ਪੱਧਰੀ ਮੁਲਾਂਕਣ ਵਾਲੇ ਰਾਹ ਵਿੱਚ ਇਹ ਸਹੂਲਤ ਨਹੀਂ ਹੈ।






