ਆਬਕਾਰੀ ਨੀਤੀ ਵਿੱਚ ਕਥਿਤ ‘ਭ੍ਰਿਸ਼ਟਾਚਾਰ’ ਲਈ ਕੇਂਦਰੀ ਜਾਂਚ ਏਜੰਸੀ ਦੇ ਨਿਸ਼ਾਨੇ ’ਤੇ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia news) ਨੇ ਕਿਹਾ ਹੈ ਕਿ ਮੇਰੇ ਕੋਲ ਭਾਜਪਾ ਦਾ ਸੁਨੇਹਾ ਆਇਆ ਹੈ – “ਆਪ” ਛੱਡ ਕੇ ਭਾਜਪਾ ਵਿੱਚ ਆ ਜਾਵੋ, ਸਾਰੇ ਸੀਬੀਆਈ ਈਡੀ ਕੇਸ ਬੰਦ ਕਰ ਦੇਵਾਂਗੇ।’
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦੋ ਰੋਜ਼ਾ ਗੁਜਰਾਤ ਦੌਰੇ ’ਤੇ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ, ਪਰ ਸ਼ਰਤ ਇਹ ਰੱਖੀ ਕਿ ਇਸ ਲਈ ਆਮ ਆਦਮੀ ਪਾਰਟੀ ਨੂੰ ਤੋੜਨਾ ਹੋਵੇਗਾ।
ਅਹਿਮਦਾਬਾਦ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਕੋਲ ਆਏ ਦੂਤ ਨੇ ਭਾਜਪਾ ਵੱਲੋਂ ਦੋ ਪੇਸ਼ਕਸ਼ਾਂ ਰੱਖੀਆਂ ਸਨ। ‘ਆਪ’ ਆਗੂ ਨੇ ਦਾਅਵਾ ਕੀਤਾ, ‘‘ਦੂਤ ਨੇ ਕਿਹਾ ਕਿ ਪਹਿਲੀ ਪੇਸ਼ਕਸ਼ ਇਹ ਕਿ ਸੀਬੀਆਈ-ਈਡੀ ਵੱਲੋਂ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ। ਦੂਜੀ ਪੇਸ਼ਕਸ਼ ਇਹ ਸੀ ਕਿ ਮੈਂ ਪਾਰਟੀ ਤੋੜਾਂਗਾ ਤੇ ਉਹ ਤੁਹਾਨੂੰ ਮੁੱਖ ਮੰਤਰੀ ਬਣਾਉਣਗੇ।’’
ਸਿਸੋਦੀਆ ਨੇ ਕਿਹਾ, ‘‘ਮੈਂ ਉਨ੍ਹਾਂ ਸਪਸ਼ਟ ਸਿਆਸੀ ਜਵਾਬ ਦਿੱਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰੇ ਸਿਆਸੀ ਗੁਰੂ ਹਨ ਤੇ ਮੈਂ ਸਿਆਸਤ ਦਾ ਸਬਕ ਉਨ੍ਹਾਂ ਕੋਲੋਂ ਹੀ ਲਿਆ ਹੈ। ਮੈਂ ਸਿਆਸਤ ਵਿੱਚ ਸੀਐੱਮ ਜਾਂ ਪੀਐੱਮ ਬਣਨ ਲਈ ਨਹੀਂ ਆਇਆ।’’ ਸਿਸੋਦੀਆ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਿਲਾਫ਼ ਲੱਗੇ ਸਾਰੇ ਦੋਸ਼ ਝੂਠੇ ਹਨ ਤੇ ਉਹ ‘ਸਾਜ਼ਿਸ਼ਕਾਰਾਂ ਤੇ ਭ੍ਰਿਸ਼ਟ ਲੋਕਾਂ’ ਅੱਗੇ ਨਹੀਂ ਝੁਕਣਗੇ।
ਸ਼ਰਾਬ ਘੁਟਾਲੇ ਮਾਮਲੇ (Delhi Liquor Scam) ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਤੋਂ ਸੀਬੀਆਈ ਪੁੱਛਗਿੱਛ ਕਰ ਰਹੀ ਹੈ। ਹੁਣ ਇਸ ਮਾਮਲੇ ਵਿੱਚ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨਗੇ, ਹੋ ਸਕਦਾ ਹੈ ਕਿ ਮੈਨੂੰ ਵੀ ਗ੍ਰਿਫਤਾਰ ਕਰ ਲੈਣ।
ਦੱਸ ਦਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਗੁਜਰਾਤ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨਾਲ ਕਈ ਚੋਣ ਵਾਅਦੇ ਕੀਤੇ, ਉਥੇ ਹੀ ਉਨ੍ਹਾਂ ਨੇ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ।






