ਲੰਬੀ: ਪਿੰਡ ਖਿਉਵਾਲੀ ਦੇ ਬਜ਼ਰਗ ਜੋੜੇ ਨੂੰ ਆਪਣੇ ਪੁੱਤ ਹੱਥੋਂ ਹੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈ। ਬਜ਼ੁਰਗ ਜੋੜੇ ਦੀ ਕਹਾਣੀ ਸੁਣਦਿਆਂ ਹਰ ਕਿਸੇ ਦਾ ਕਲੇਜਾ ਬਾਹਰ ਜਾਂਦਾ ਹੈ। ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਜੇਰੇ ਇਲਾਜ ਪਿੰਡ ਖਿਉਵਾਲੀ ਦੇ ਕਿਸਾਨ ਨਾਇਬ ਸਿੰਘ ਅਤੇ ਉਸ ਦੀ ਪਤਨੀ ਪ੍ਰਮਜੀਤ ਕੌਰ ਨੇ ਆਪਣੇ ਪੁੱਤਰ ਤੇ ਨੂੰਹ ਵੱਲੋਂ ਬੀਤੀ ਰਾਤ ਕੀਤੀ ਬੇਰਹਿਮੀ ਨਾਲ ਕੁੱਟਮਾਰ ਦੀ ਕਹਾਣੀ ਰੋ-ਰੋ ਕਿ ਸੁਣਾਈ।
ਨਾਇਬ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਵੱਲੋਂ ਵਿਰਾਸਤ ਵਿਚ ਦੋ ਏਕੜ ਜਮੀਨ ਮਿਲੀ ਸੀ। ਠੇਕੇ ਉਤੇ ਹੋਰ ਜਮੀਨ ਲੈ ਕਿ ਬਲਦਾਂ ਨਾਲ ਵਾਹੀ ਕਰਦਿਆਂ ਦੋ ਏਕੜ ਤੋਂ ਸੌਲਾਂ ਏਕੜ ਜਮੀਨ ਬਣਾਈ। ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤ ਹੈ। ਧੀਆਂ ਵਿਆਹੀਆਂ ਹੋਈਆਂ ਹਨ।
ਪੁੱਤ ਜਵਾਨ ਹੋਇਆ ਅਤੇ ਉਸ ਦਾ ਵਿਆਹ ਕਰ ਦਿੱਤਾ, ਜਿਸ ਦੇ ਦੋ ਧੀਆਂ ਹਨ। ਪੁੱਤ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਦੀ ਕੀਤੀ ਜਾਂਦੀ ਕੁੱਟ ਮਾਰ ਤੋਂ ਦੁਖੀ ਉਹ ਵੱਖਰੇ ਕਮਰੇ ਵਿਚ ਰਹਿੰਦੇ ਹਨ ਅਤੇ ਆਪਣੇ ਪੁੱਤ ਨੂੰ ਛੇ ਏਕੜ ਜਮੀਨ ਦੇ ਦਿੱਤੀ। ਬਾਕੀ ਜਮੀਨ ਦੀ ਵਸੀਅਤ ਵੀ ਕਰਾ ਦਿੱਤੀ ਹੈ। ਪਰ ਫਿਰ ਵੀ ਪੁੱਤ ਵੱਲੋਂ ਕੁੱਟਮਾਰ ਹੁੰਦੀ ਰਹੀ।
ਦਸ ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਰਾਤ ਫਿਰ ਤੋਂ ਉਨ੍ਹਾਂ ਨੂੰ ਪੁੱਤ ਅਤੇ ਨੂੰਹ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਮਾਤਾ ਪ੍ਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਹੁਣ ਹੋਰ ਜਮੀਨ ਦੇਣ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਹੁਬਕੀ-ਹੁਬਕੀ ਰੋਂਦਿਆਂ ਮਾਤਾ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਦੁਖੀ ਹਨ ਕਿ ਉਨ੍ਹਾ ਦਾ ਜਵਾਨ ਇਕਲੌਤਾ ਦੋਹਤਾ ਕੁੱਝ ਮਹੀਨੇ ਪਹਿਲਾਂ ਕੈਨੇਡਾ ਵਿਚ ਵਾਪਰੇ ਹਾਦਸੇ ਦੌਰਾਨ ਇਸ ਦੁਨੀਆਂ ਨੂੰ ਛੱਡ ਗਿਆ ਹੈ ਅਤੇ ਹੁਣ ਪੁੱਤ ਵੀ ਵੈਰੀ ਬਣ ਗਿਆ ਹੈ।
ਪੀੜਤ ਜੋੜੇ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਤਫ਼ਤੀਸ਼ ਕਰ ਰਹੇ ਹਨ ਅਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।






