ਚੰਡੀਗੜ੍ਹ- ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ ਹੈ। ਇਹ ਮਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ ਕੀਤਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਨੇ ਇਸ ਦਾ ਸਮਰਥਨ ਕੀਤਾ ਹੈ। ਹੁਣ ਭਰੋਸਗੀ ਮਤੇ ਉਤੇ ਵੋਟਿੰਗ 3 ਅਕਤੂਬਰ ਨੂੰ ਹੋਵੇਗੀ। ਇਸ ਮਗਰੋਂ ਸਪੀਕਰ ਕੁਲਤਾਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਸੀਐਮ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਅਤੇ ਕੋਈ ਵੀ ਲੋਕਾਂ ਵੱਲੋਂ ਦਿੱਤੀ ਤਾਕਤ ਤੋਂ ਉੱਪਰ ਨਹੀਂ ਹੁੰਦਾ। ਮੈਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਭਰੋਸੇ ਦਾ ਮਤ ਲਿਆ ਰਿਹਾ ਹਾਂ ਤਾਂ ਜੋ ਲੋਕਤੰਤਰ ਦੇ ਹੱਤਿਆਰਿਆਂ ਦਾ ਪਰਦਾਫਾਸ਼ ਹੋ ਸਕੇ। ਭਗਵੰਤ ਮਾਨ ਨੇ ਵਿਰੋਧੀਆਂ ਉਤੇ ਖੂਬ ਸ਼ਬਦੀ ਵਾਰ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਕੋਈ ਵੀ ਮਤਾ ਪਾਸ ਜਾਂ ਬਹਿਸ ਨਹੀਂ ਹੋਣ ਦਿੰਦੀ ਜਦੋਂ ਕਿ ਕਾਂਗਰਸੀ ਵਿਧਾਇਕ ਬਾਹਰ ਜਾ ਕੇ ਮੀਡੀਆ ਸਾਹਮਣੇ ਕਹਿਣਗੇ ਕਿ ਸੈਸ਼ਨ ਛੋਟਾ ਹੈ, ਇਸ ਨੂੰ ਲੰਮਾ ਕੀਤਾ ਜਾਵੇ, ਤੁਹਾਡਾ ਹੱਕ ਹੈ ਸੈਸ਼ਨ ਨੂੰ ਵਧਾਉਣ ਦਾ ਤੇ ਹੁਣ ਸੈਸ਼ਨ ਵਧਾ ਦਿਤਾ ਹੈ ਤਾਂ ਇਸ ਨੂੰ ਇੱਕ ਘੰਟਾ ਵੀ ਚਲਣ ਨਹੀਂ ਦਿੰਦੇ। ਆਪਣੀ ਗੱਲ ਬੋਲ ਕੇ ਚਲੇ ਗਏ ਹਨ।
ਮਾਨ ਨੇ ਕਿਹਾ ਕਿ ਲੋਕਾਂ ਨੇ ਸਾਡੇ ਉਤੇ ਵਿਸ਼ਵਾਸ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਸਾਡੇ ਨਾਲ ਪਰ ਇਹ ਸਾਨੂੰ ਦੱਸਣ ਕਿਉਂ ਨਹੀਂ ਦਿੰਦੇ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਸਰਕਾਰ ਬਦਲਣ ਤੋਂ ਬਾਅਦ ਕਈ ਫਾਈਲਾਂ ‘ਤੇ ਦਸਤਖਤ ਕੀਤੇ। ਮੈਂ ਜਾਣਨਾ ਚਾਹੁੰਦਾ ਹੈ ਕਿ ਉਸਨੇ ਉਨ੍ਹਾਂ ‘ਤੇ ਦਸਤਖਤ ਕਿਉਂ ਕੀਤੇ ਪਰ ਹੁਣ ਉਹ ਕਿਤੇ ਨਹੀਂ ਮਿਲ ਰਹੇ ਹਨ। ਉਨ੍ਹਾਂ ਕਾਂਗਰਸੀਆਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚੰਨੀ ਕਿੱਥੇ ਹਨ?
ਮੁੱਖ ਮੰਤਰੀ ਨੇ ਕਾਂਗਰਸੀਆਂ ਤੋਂ ਪੁੱਛਿਆ ਕਿ ਜੇਕਰ ਭਾਜਪਾ ਦਾ ਆਪਰੇਸ਼ਨ ਲੋਟਸ ਫੇਲ ਹੋ ਜਾਂਦਾ ਹੈ ਤਾਂ ਕਾਂਗਰਸ ਨੂੰ ਕੀ ਨੁਕਸਾਨ ਹੋਵੇਗਾ? ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਦਿਆਂ ਕਿਹਾ ਕਿ ਇੰਝ ਜਾਪਦਾ ਹੈ ਕਿ ਉਹ ਆਪਰੇਸ਼ਨ ਲੋਟਸ ਦੀ ਅਸਫਲਤਾ ਤੋਂ ਦੁਖੀ ਹਨ।
ਉਨ੍ਹਾਂ ਕਿਹਾ ਕਿ ਅੰਦਰ ਖਾਤੇ ਕਾਂਗਰਸ ਵੀ ਭਾਜਪਾ ਨਾਲ ਰਲੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਇਹ ਲੋਕ ਭਾਰਤ ਜੋੜਨ ਦੀ ਗੱਲ ਕਰਦੇ ਹਨ ਪਰ ਰਾਜਸਥਾਨ ਸਾਂਭਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਾਂਗਰਸ ਦੀ ਯਾਤਰਾ ਉਨ੍ਹਾਂ ਰਾਜਾਂ ਵਿੱਚ ਨਹੀਂ ਜਾ ਰਹੀ ਜਿੱਥੇ ਚੋਣਾਂ ਹਨ, ਇਹ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਭਰੋਸਗੀ ਮਤ ਲੈਣਾ ਕਾਨੂੰਨ ਦੇ ਵਿਰੁੱਧ ਹੈ। ਉਨ੍ਹਾਂ ਵਿਧਾਨ ਸਭਾ ਵਿੱਚ ਨਾਅਰੇਬਾਜ਼ੀ ਕਰਦਿਆਂ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ। ਜਿਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ। ਉਨ੍ਹਾਂ ਨੂੰ ਦਿਨ ਭਰ ਲਈ ਮੁਅੱਤਲ ਕਰਕੇ ਬਾਹਰ ਕੱਢ ਦਿੱਤਾ ਗਿਆ।






