ਪੰਜਾਬ ਵਿਚ ਵਿਗੜੀ ਕਾਨੂੰਨ ਵਿਵਸਥਾ ਦੇ ਮੁੱਦੇ ਉਤੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ। ਅਕਾਲੀ ਦਲ, ਭਾਜਪਾ ਤੇ ਕਾਂਗਰਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਆਪ ਸਰਕਾਰ ਨੂੰ ਘੇਰਿਆ ਹੈ।
ਉਨ੍ਹਾਂ ਨੇ ਟਵੀਟ ਕਰਕੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਟਵੀਟ ਵਿਚ ਲਿਖਿਆ ਹੈ-ਪੰਜਾਬ ਵਿੱਚ ਰਾਜ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਹਮਲੇ ਪਿੱਛੋਂ ਗਾਇਕ ਅਲਫਾਜ਼ ਮੌਤ ਦੇ ਮੂੰਹ ਵਿਚ ਹੈ। ਮੂਸੇਵਾਲਾ ਦੇ ਕਤਲ ਦਾ ਦੋਸ਼ੀ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋੰ ਫਰਾਰ ਹੋ ਗਿਆ ਹੈ। ਪੰਜਾਬ ਸਰਕਾਰ ਹੁਣ ਲੱਖਾ ਸਿਧਾਣਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾ ਰਹੀ ਹੈ! ਇਸ ਦੌਰਾਨ ਸਾਡਾ ਆਦਮੀ (ਭਗਵੰਤ ਮਾਨ) ਗੁਜਰਾਤ ਵਿੱਚ ਖੁਸ਼ੀ ਵਿੱਚ ਭੰਗੜੇ ਪਾ ਰਿਹਾ ਹੈ।”
ਦੱਸ ਦਈਏ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਗੁਜਰਾਤ ਦੌਰੇ ‘ਤੇ ਹਨ। ਇਸ ਦੌਰਾਨ ਸੀਐਮ ਮਾਨ ਆਪਣੇ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਉਨ੍ਹਾਂ ਨੇ ਇਕ ਪ੍ਰੋਗਰਾਮ ‘ਚ ਸਟੇਜ ‘ਤੇ ਜਾ ਕੇ ਗਰਬਾ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਭੀੜ ਦੇ ਕਹਿਣ ‘ਤੇ ਭਗਵੰਤ ਮਾਨ ਵੀ ਭੰਗੜਾ ਪਾਉਂਦੇ ਨਜ਼ਰ ਆਏ।
ਗੁਜਰਾਤ ‘ਚ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੱਲ੍ਹ ਚੋਣ ਪ੍ਰਚਾਰ ਲਈ ਗੁਜਰਾਤ ਪਹੁੰਚੇ। ਉਹ ਰਾਜਕੋਟ ਵਿੱਚ ਇੱਕ ਗਰਬਾ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ‘ਚ ਭਗਵੰਤ ਮਾਨ ਖੁਦ ਵੀ ਗਰਬਾ ਕਰਦੇ ਨਜ਼ਰ ਆਏ।
ਉਧਰ, ਭਾਜਪਾ ਨੇ ਸੂਬੇ ਦੀ ਦਿਨੋ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਗੁਜਰਾਤ ਵਿਚ ਭੰਗੜੇ ਪਾਉਣ ਨੇ ਦੱਸ ਦਿੱਤਾ ਹੈ ਕਿ ‘ਆਪ’ ਰਾਜ ਭਾਗ ਸੰਭਾਲਣ ਤੋਂ ਅਸਮਰੱਥ ਹੈ
ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਦੀਆਂ ਪ੍ਰਾਪਤੀਆਂ ਦੱਸਣ ਦੀ ਥਾਂ ਗੁਜਰਾਤ ਦੇ ਲੋਕਾਂ ਨੂੰ ਨੱਚ-ਟੱਪ ਕੇ ਦਿਖਾਇਆ ਜਾ ਰਿਹਾ ਹੈ। ਭਾਜਪਾ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ।
ਇਸ ਘਟਨਾ ਨੇ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਇਹੋ ਹਾਲ ਆਮ ਆਦਮੀ ਪਾਰਟੀ ਦਾ ਬਣਿਆ ਹੋਇਆ ਕਿ ਉਨ੍ਹਾਂ ਦੇ ਮੰਤਰੀ ਜੋ ਮੂੰਹ ਆਇਆ, ਉਹ ਬੋਲੀ ਜਾ ਰਹੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੁਜਰਾਤ ਦੇ ਲੋਕ ਸਿਆਣੇ ਹਨ ਤੇ ਉਹ ਪੰਜਾਬ ਨੂੰ ਠੱਗਣ ਵਾਲੇ ਆਪ ਆਗੂਆਂ ਦੀਆਂ ਗੱਲਾਂ ’ਚ ਆਉਣ ਵਾਲੇ ਨਹੀਂ ਹਨ।






